ਹਰਿਆਣਾ, 27 ਅਕਤੂਬਰ 2026: ਹਰਿਆਣਾ ਸਰਕਾਰ ਸੂਬੇ ਵਿੱਚ ਰਵਾਇਤੀ ਸਿਹਤ ਸੰਭਾਲ ਸੇਵਾਵਾਂ ਅਤੇ ਆਯੁਰਵੇਦ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਭਾਜਪਾ ਸਰਕਾਰ ਦੇ ਵਿਕਾਸ ਸਫ਼ਰ ਦੇ 12 ਸਾਲ ਅਤੇ ਮੌਜੂਦਾ ਸਰਕਾਰ ਦੇ ਦੋ ਸਾਲ ਸਫਲਤਾਪੂਰਵਕ ਪੂਰੇ ਹੋਣ ਦੇ ਮੌਕੇ ‘ਤੇ, ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ, ਅਤੇ ਆਯੁਸ਼ (AYUSH) ਮੰਤਰੀ ਆਰਤੀ ਸਿੰਘ ਰਾਓ ਨੇ ਆਯੁਸ਼ ਖੇਤਰ ‘ਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਸਦਕਾ ਸੂਬੇ ‘ਚ ਆਯੁਸ਼ ਸੇਵਾਵਾਂ ਦਾ ਹਰ ਪੱਧਰ ‘ਤੇ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਆਮ ਲੋਕਾਂ ਨੂੰ ਬਿਹਤਰ ਅਤੇ ਆਸਾਨੀ ਨਾਲ ਉਪਲਬਧ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਰਕਾਰ ਨੇ 26 ਆਯੁਸ਼ ਡਿਸਪੈਂਸਰੀਆਂ ਨੂੰ ‘ਆਯੁਸ਼ਮਾਨ ਆਰੋਗਿਆ ਮੰਦਰਾਂ’ ‘ਚ ਅਪਗ੍ਰੇਡ ਕੀਤਾ ਹੈ।
ਇਸ ਤੋਂ ਇਲਾਵਾ, ਪੇਂਡੂ ਅਤੇ ਮੁੱਢਲੇ ਪੱਧਰ ‘ਤੇ ਆਯੁਰਵੈਦਿਕ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ, ਪ੍ਰਾਇਮਰੀ ਹੈਲਥ ਸੈਂਟਰਾਂ (ਮੁੱਢਲੇ ਸਿਹਤ ਕੇਂਦਰਾਂ) ‘ਚ 605 ਆਯੁਰਵੈਦਿਕ ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਆਯੁਸ਼ ਮੰਤਰੀ ਨੇ ਅੱਗੇ ਦੱਸਿਆ ਕਿ ਹਾਲ ਹੀ ‘ਚ ਕਰਵਾਏ ‘8ਵੇਂ ਰਾਸ਼ਟਰੀ ਪੋਸ਼ਣ ਮਹੀਨੇ’ ਦੌਰਾਨ ਸਿਹਤ ਜਾਗਰੂਕਤਾ ਅਤੇ ਪੋਸ਼ਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਇਸ ਦੌਰਾਨ ਪੂਰੇ ਸੂਬੇ ‘ਚ ਕੁੱਲ 1,771 ਆਯੁਸ਼ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ 10,900 ਲੋਕਾਂ ਨੇ ਆਪਣੀ ਵਿਆਪਕ ਸਿਹਤ ਜਾਂਚ ਕਰਵਾਈ ਅਤੇ ਸਿਹਤ ਸੰਬੰਧੀ ਸਲਾਹ-ਮਸ਼ਵਰਾ ਪ੍ਰਾਪਤ ਕੀਤਾ।ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਦੇ ਇਹ ਭਲਾਈਕਾਰੀ ਉਪਰਾਲੇ ਹਰਿਆਣਾ ਦੇ ਹਰੇਕ ਨਾਗਰਿਕ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਯਕੀਨੀ ਬਣਾ ਰਹੇ ਹਨ।
Read More: ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਸਮਾਨਤਾਵਾਦੀ ਸਮਾਜ ਦੇ ਨਿਰਮਾਣ ਦੀ ਨੀਂਹ ਹਨ: ਕੈਬਨਿਟ ਮੰਤਰੀ ਰਣਬੀਰ ਗੰਗਵਾ




