ਇਜ਼ਰਾਈਲ, 27 ਅਕਤੂਬਰ, 2026: Israel Election: ਇਜ਼ਰਾਈਲ ‘ਚ ਆਮ ਚੋਣਾਂ ਲਈ ਵੋਟਿੰਗ ਜਾਰੀ ਹੈ। 7,331,981 ਵੋਟਰ ਆਪਣੀ ਵੋਟ ਪਾਉਣਗੇ। ਵੋਟਿੰਗ ਸਥਾਨਕ ਸਮੇਂ ਅਨੁਸਾਰ ਰਾਤ 10:00 ਵਜੇ ਤੱਕ ਜਾਰੀ ਰਹੇਗੀ। ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਮੁੱਖ ਵਿਰੋਧੀ, ਗਾਦੀ ਆਈਜ਼ੇਨਕੋਟ ਨੇ ਵੋਟਰਾਂ ਨੂੰ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਨੇਤਨਯਾਹੂ ਨਵੀਂ ਸਰਕਾਰ ਬਣਨ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਇਜ਼ਰਾਈਲੀ ਫੌਜ ਦੇ ਸਾਬਕਾ ਮੁਖੀ ਅਤੇ ਯਸ਼ਰ ਪਾਰਟੀ ਦੇ ਆਗੂ, ਗਾਦੀ ਆਈਜ਼ੇਨਕੋਟ ਨੇ ਵੋਟਰਾਂ ਨੂੰ 7 ਅਕਤੂਬਰ, 2023 ਨੂੰ ਹਮਾਸ ਹਮਲੇ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਇਹ ਚੋਣ ਸਰਕਾਰ ਨੂੰ ਬਦਲਣ ਅਤੇ ਦੇਸ਼ ਨੂੰ ਬਿਹਤਰ ਦਿਸ਼ਾ ‘ਚ ਲਿਜਾਣ ਦਾ ਮੌਕਾ ਪੇਸ਼ ਕਰਦੀ ਹੈ। ਆਈਜ਼ੇਨਕੋਟ ਨੇ ਨੇਤਨਯਾਹੂ ਸਰਕਾਰ ‘ਤੇ ਸੁਰੱਖਿਆ ਦੀ ਗਲਤੀ ਲਈ ਜਵਾਬਦੇਹੀ ਤੋਂ ਬਚਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਗੱਠਜੋੜ ਹਮਲੇ ਦੀ ਜਾਂਚ ਲਈ ਇੱਕ ਸੁਤੰਤਰ ਕਮਿਸ਼ਨ ਦੇ ਗਠਨ ਦੀ ਮੰਗ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਸੰਦੇਸ਼ ‘ਚ ਵਿਰੋਧੀ ਪਾਰਟੀਆਂ ਨੂੰ ਖੱਬੇ-ਪੱਖੀ ਗੱਠਜੋੜ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਸੱਤਾ ‘ਚ ਆਉਂਦੀ ਹੈ, ਤਾਂ ਉਸਨੂੰ ਅਰਬ ਪਾਰਟੀਆਂ ਦੇ ਸਮਰਥਨ ‘ਤੇ ਭਰੋਸਾ ਕਰਨਾ ਪੈ ਸਕਦਾ ਹੈ। ਨੇਤਨਯਾਹੂ ਨੇ ਵੋਟਰਾਂ ਨੂੰ ਉਨ੍ਹਾਂ ਦੀ ਲਿਕੁਡ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਆਪਣੀ ਚੋਣ ਮੁਹਿੰਮ ‘ਚ, ਉਹ ਆਪਣੇ ਆਪ ਨੂੰ ਦੇਸ਼ ਦੀ ਸੁਰੱਖਿਆ ਲਈ ਇੱਕ ਮਜ਼ਬੂਤ ਆਗੂ ਵਜੋਂ ਪੇਸ਼ ਕਰ ਰਿਹਾ ਹੈ।
ਯਿਸਰਾਏਲ ਬੇਤੇਨੂ ਪਾਰਟੀ ਦੇ ਆਗੂ ਅਵੀਗਡੋਰ ਲੀਬਰਮੈਨ ਨੇ ਕਿਹਾ ਕਿ ਨੇਤਨਯਾਹੂ ਦੇ ਖਿਲਾਫ ਵੋਟ ਪਾਉਣਾ ਇਜ਼ਰਾਈਲ ਨੂੰ ਮਜ਼ਬੂਤ ਕਰਨ ਦੇ ਹੱਕ ‘ਚ ਵੋਟ ਪਾਉਣ ਦੇ ਬਰਾਬਰ ਹੈ। ਉਨ੍ਹਾਂ ਨੇ ਲਾਜ਼ਮੀ ਫੌਜੀ ਜਾਂ ਨਾਗਰਿਕ ਸੇਵਾ, ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਨਾਗਰਿਕ ਆਜ਼ਾਦੀਆਂ ਵਰਗੇ ਮੁੱਦੇ ਉਠਾਏ। ਡੈਮੋਕ੍ਰੇਟਸ ਪਾਰਟੀ ਦੇ ਯਾਇਰ ਗੋਲਨ ਨੇ ਵੀ ਸਰਕਾਰ ਬਦਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੇਤਨਯਾਹੂ ਸਰਕਾਰ 7 ਅਕਤੂਬਰ ਦੇ ਹਮਲੇ ਦੀ ਜਾਂਚ ਲਈ ਇੱਕ ਸੁਤੰਤਰ ਕਮਿਸ਼ਨ ਦੇ ਗਠਨ ਦਾ ਵਿਰੋਧ ਕਰਦੀ ਰਹੀ ਹੈ।
Read More : ਬ੍ਰਾਜ਼ੀਲ ‘ਚ ਲੂਲਾ ਦੀ ਜਿੱਤ ਤੋਂ ਡੋਨਾਲਡ ਟਰੰਪ ਪਰੇਸ਼ਾਨ, ਚੋਣਾਂ ‘ਚ ਧਾਂਦਲੀ ਦਾ ਲਗਾਇਆ ਦੋਸ਼




