PSEB

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਲਈ ਨਵੀਂ ਨੀਤੀ ਲਾਗੂ, 223 ਕਰਮਚਾਰੀਆਂ ਨੂੰ ਮਿਲੇਗਾ ਲਾਭ

ਮੋਹਾਲੀ 8 ਅਕਤੂਬਰ 2026 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਤੇ ਵਿਵਸਥਿਤ ਢੰਗ ਨਾਲ ਮਾਨਤਾ ਦੇਣ ਲਈ ‘ਦ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਵੈਲਫੇਅਰ ਆਫ ਸੀਜ਼ਨਲ ਡੇਲੀ ਵੇਜ ਵਰਕਰਜ਼) ਪਾਲਿਸੀ-2026’ ਲਾਗੂ ਕਰ ਦਿੱਤੀ ਗਈ ਹੈ। ਇਸ ਨੀਤੀ ਤਹਿਤ ਬੋਰਡ ਦੇ 223 ਯੋਗ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੂੰ ਲਾਭ ਦਿੱਤਾ ਗਿਆ ਹੈ। ਨੀਤੀ ਅਪਣਾਉਣ ਵਾਲੇ ਕਰਮਚਾਰੀਆਂ ਨੂੰ ਅੱਜ ਦਫ਼ਤਰੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈਏਐਸ (ਸੇਵਾਮੁਕਤ) ਨੇ ਦੱਸਿਆ ਕਿ ਜਿਨ੍ਹਾਂ ਦਿਹਾੜੀਦਾਰ ਕਰਮਚਾਰੀਆਂ ਨੇ ਫਾਰਮ-ਏ ਭਰ ਕੇ ਇਸ ਨੀਤੀ ਨੂੰ ਅਪਣਾਇਆ ਹੈ, ਉਨ੍ਹਾਂ ਨੂੰ ਦਫ਼ਤਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਨੀਤੀ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦੇ ਜੀਵਨ ਨੂੰ ਸੁਚੱਜਾ ਅਤੇ ਸੁਰੱਖਿਅਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਨਵੀਂ ਨੀਤੀ ਅਨੁਸਾਰ ਯੋਗ ਕਰਮਚਾਰੀਆਂ ਦੀਆਂ ਸੇਵਾਵਾਂ 58 ਸਾਲ ਦੀ ਉਮਰ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕਲੈਰੀਕਲ ਜਾਂ ਗਰੁੱਪ-ਡੀ ਦੇ ਕੰਮਾਂ ਲਈ ਤਾਇਨਾਤ ਕੀਤਾ ਜਾਵੇਗਾ।

ਚੇਅਰਮੈਨ ਅਨੁਸਾਰ, ਇਸ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਨੂੰ ਮਹੀਨੇ ਵਿੱਚ ਕੇਵਲ 12 ਤੋਂ 18 ਦਿਨਾਂ ਦੀ ਮਜ਼ਦੂਰੀ ਮਿਲਦੀ ਸੀ। ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਪੂਰੇ ਮਹੀਨੇ ਦੀ ਤਨਖ਼ਾਹ ਮਿਲੇਗੀ।

ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਸਾਲਾਨਾ 10 ਛੁੱਟੀਆਂ, ਗਜ਼ਟਿਡ ਛੁੱਟੀਆਂ, ਸ਼ਨੀਵਾਰ-ਐਤਵਾਰ ਦੀਆਂ ਛੁੱਟੀਆਂ ਦੇ ਨਾਲ-ਨਾਲ ਈ.ਐਸ.ਆਈ. (ESI) ਅਤੇ ਈ.ਪੀ.ਐਫ. (EPF) ਵਰਗੀਆਂ ਸਮਾਜਿਕ ਸੁਰੱਖਿਆ ਸਹੂਲਤਾਂ ਦਾ ਲਾਭ ਵੀ ਮਿਲੇਗਾ।

ਬੋਰਡ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਵਿਸ਼ੇਸ਼ ਪਛਾਣ ਪੱਤਰ ਅਤੇ ਦਫ਼ਤਰੀ ਪਛਾਣ ਨੰਬਰ ਵੀ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਬੋਰਡ ਦੇ ਅੰਦਰ ਆਮ ਕਰਮਚਾਰੀਆਂ ਵਾਂਗ ਇੱਕ ਵਿਸ਼ੇਸ਼ ਪਛਾਣ ਮਿਲੇਗੀ।

ਇਸ ਫੈਸਲੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੀ ਸੇਵਾ ਸਬੰਧੀ ਪਛਾਣ ਅਤੇ ਸੁਰੱਖਿਆ ਦੀ ਲੋੜ ਮਹਿਸੂਸ ਹੁੰਦੀ ਸੀ, ਪਰ ਇਸ ਨੀਤੀ ਨੇ ਉਨ੍ਹਾਂ ਵਿੱਚ ਸੁਰੱਖਿਆ, ਸਨਮਾਨ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਕੀਤੀ ਹੈ। ਕਰਮਚਾਰੀਆਂ ਨੇ ਇਸ ਇਤਿਹਾਸਕ ਪਹਿਲਕਦਮੀ ਲਈ ਪੰਜਾਬ ਸਰਕਾਰ ਅਤੇ ਬੋਰਡ ਪ੍ਰਬੰਧਨ ਦਾ ਤਹਿ ਦਿਲੋਂ ਧੰਨਵਾਦ ਕੀਤਾ।

Read More: ਬੋਰਡ ਕਲਾਸ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਲਦੀ ਕਰੋ ਇਹ ਕੰਮ

 

ਵਿਦੇਸ਼

Scroll to Top