Diljit Dosanjh

ਦਿਲਜੀਤ ਦੋਸਾਂਝ ਦੇ ਨਵੰਬਰ ਕਨਸਰਟ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਨਵੀਂ ਦਿੱਲੀ 8 ਅਕਤੂਬਰ 2026: ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਦੇ ਨਵੰਬਰ ਮਹੀਨੇ ਵਿੱਚ ਹੋਣ ਵਾਲੇ ਮਿਊਜ਼ਿਕ ਕਨਸਰਟਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਅਤੇ ਅਹਿਮਦਾਬਾਦ ਵਿੱਚ ਹੋਣ ਵਾਲੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।

ਸੂਤਰਾਂ ਮੁਤਾਬਕ, ਧਮਕੀ ਭਰੀ ਈ-ਮੇਲ ਭੇਜਣ ਵਾਲੇ ਵਿਅਕਤੀ ਨੇ ਖੁਦ ਨੂੰ ‘ਖਾਲਿਸਤਾਨ ਨੈਸ਼ਨਲ ਆਰਮੀ’ ਨਾਲ ਜੁੜਿਆ ਹੋਇਆ ਦੱਸਿਆ ਹੈ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1 ਨਵੰਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ (JLN) ਸਟੇਡੀਅਮ ਅਤੇ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਬੰਬ ਧਮਾਕੇ ਕੀਤੇ ਜਾਣਗੇ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਤਰੀਕਾਂ ਨੂੰ ਸਬੰਧਤ ਸਟੇਡੀਅਮਾਂ ਵਿੱਚ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਕਨਸਰਟ ਹੋਣੇ ਹਨ। ਈ-ਮੇਲ ਰਾਹੀਂ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

ਧਮਕੀ ਮਿਲਣ ਤੋਂ ਬਾਅਦ ਸਬੰਧਤ ਸੁਰੱਖਿਆ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਧਮਕੀ ਭਰੀ ਈ-ਮੇਲ ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਦਿੱਲੀ ਅਤੇ ਅਹਿਮਦਾਬਾਦ ਵਿੱਚ ਹੋਣ ਵਾਲੇ ਦੋਵਾਂ ਕਨਸਰਟਾਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਅਧਿਕਾਰੀਆਂ ਵੱਲੋਂ ਸਾਵਧਾਨੀ ਵਧਾ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀਆਂ ਵੱਲੋਂ ਧਮਕੀ ਦੀ ਪ੍ਰਮਾਣਿਕਤਾ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

Read More:  ਦਿਲਜੀਤ ਦੋਸਾਂਝ ਦੀ ਫਿਲਮ ਫਿਲਹਾਲ ਅੰਤਰਰਾਸ਼ਟਰੀ ਪੱਧਰ ‘ਤੇ ਨਹੀਂ ਹੋਵੇਗੀ ਰਿਲੀਜ਼

ਵਿਦੇਸ਼

Scroll to Top