ਚੰਡੀਗੜ੍ਹ, 15 ਸਤੰਬਰ 2026: Punjab Congress Protest: ਚੰਡੀਗੜ੍ਹ ਦੇ ਸੈਕਟਰ 15 ‘ਚ ਪੰਜਾਬ ਕਾਂਗਰਸ ਵੱਲੋਂ ਕੀਤੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਪੁਲਿਸ ਨੇ ਗੁਲਜ਼ਾਰ ਸਿੰਘ ਮਾਮਲੇ ‘ਚ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਗਿਆ।
ਪੁਲਿਸ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸੀ ਆਗੂਆਂ ‘ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਕਈ ਕਾਂਗਰਸੀ ਆਗੂ ਜ਼ਖਮੀ ਹੋ ਗਏ ਅਤੇ ਕੁਝ ਗੰਭੀਰ ਜ਼ਖਮੀ ਵੀ ਹੋ ਗਏ। ਵਿਰੋਧ ਪ੍ਰਦਰਸ਼ਨ ਦੌਰਾਨ ਕੁਲਜੀਤ ਸਿੰਘ ਨਾਗਰਾ ਨੂੰ ਪਾਣੀ ਦੀਆਂ ਬੁਛਾੜਾਂ ਲੱਗਣ ਤੋਂ ਬਾਅਦ ਡਿੱਗ ਪਏ। ਉਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਸਟੇਜ ‘ਤੇ ਮੌਜੂਦ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀ ਵੀ ਅਚਾਨਕ ਸਿਹਤ ਵਿਗੜ ਗਈ ।
ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ। ਵਿਰੋਧ ਪ੍ਰਦਰਸ਼ਨ ਦੌਰਾਨ ਰਾਹੁਲ ਭੱਠਲ ਦੀ ਅੱਖ ‘ਤੇ ਸੱਟ ਲੱਗੀ। ਬਰਿੰਦਰਜੀਤ ਸਿੰਘ ਪਹਾੜਾ ਨੂੰ ਵੀ ਸੱਟਾਂ ਲੱਗੀਆਂ। ਪੁਲਿਸ ਕਾਰਵਾਈ ਦੌਰਾਨ ਹੋਰ ਕਾਂਗਰਸੀ ਵਰਕਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸੂਬਾ ਕਾਂਗਰਸ ਦੇ ਲਗਭਗ ਸਾਰੇ ਸੀਨੀਅਰ ਆਗੂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ‘ਚ ਸਟੇਜ ‘ਤੇ ਦੇਖੇ ਗਏ ਸਨ। ਇਸ ਵਿਰੋਧ ਪ੍ਰਦਰਸ਼ਨ ‘ਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂਆਂ ਨੇ ਹਿੱਸਾ ਲਿਆ।
ਕਾਂਗਰਸੀ ਆਗੂਆਂ ਨੇ ਸੰਗਰੂਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਬਰਖਾਸਤਗੀ, ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਨ ਅਤੇ ਗੁਲਜ਼ਾਰ ਸਿੰਘ ਦੀ ਮੌਤ ਦੀ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਚਿਨ ਪਾਇਲਟ ਸਮੇਤ ਕਈਂ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਅਤੇ ਸਚਿਨ ਪਾਇਲਟ ਨੂੰ ਕਰੀਬ ਇੱਕ ਘੰਟੇ ਬਾਅਦ ਛੱਡ ਦਿੱਤਾ।
Read More: ਰਾਜਾ ਵੜਿੰਗ ਨੇ ਬਿਜਲੀ ਸੰਕਟ ਲਈ PSPCL ‘ਚ ਭ੍ਰਿਸ਼ਟਾਚਾਰ ਤੇ ਕੁਪ੍ਰਬੰਧਨ ਨੂੰ ਠਹਿਰਾਇਆ ਜ਼ਿੰਮੇਵਾਰ




