ਸਪੋਰਟਸ, 08 ਸਤੰਬਰ 2026: ਪਾਕਿਸਤਾਨ ਦੇ ਸਾਬਕਾ ਟੈਸਟ ਮੁੱਖ ਕੋਚ ਜੇਸਨ ਗਿਲੇਸਪੀ ਨੇ ਇੱਕ ਵਾਰ ਫਿਰ ਪਾਕਿਸਤਾਨ ਕ੍ਰਿਕਟ ਬੋਰਡ ‘ਤੇ ਨਿਸ਼ਾਨਾ ਸਾਧਿਆ ਹੈ। ਗਿਲੇਸਪੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਛੋਟੇ ਕਾਰਜਕਾਲ ਦੌਰਾਨ, ਬੋਰਡ ਨੇ ਉਨ੍ਹਾਂ ਨੂੰ ਕਮਜ਼ੋਰ ਕੀਤਾ ਅਤੇ ਹੌਲੀ-ਹੌਲੀ ਟੀਮ ਦੇ ਮੁੱਖ ਫੈਸਲਿਆਂ ‘ਚ ਉਨ੍ਹਾਂ ਦੀ ਭੂਮਿਕਾ ਨੂੰ ਘਟਾ ਦਿੱਤਾ ਸੀ।
ਗਿਲੇਸਪੀ ਨੇ ਦ ਟੈਲੀਗ੍ਰਾਫ ਨਾਲ ਇੱਕ ਇੰਟਰਵਿਊ ‘ਚ ਪਾਕਿਸਤਾਨ ਕ੍ਰਿਕਟ ਦੀ ਮੌਜੂਦਾ ਸਥਿਤੀ ਤੋਂ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਦੀ ਸਥਿਤੀ ਤੋਂ ਦੁਖੀ ਹਨ ਅਤੇ ਸੱਤਾ ‘ਚ ਬੈਠੇ ਲੋਕਾਂ ਵਿਰੁੱਧ ਬੋਲਦੇ ਰਹਿਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਪੀਸੀਬੀ ਅਜੇ ਵੀ ਉਨ੍ਹਾਂ ਦਾ ਹਜ਼ਾਰਾਂ ਡਾਲਰ ਦਾ ਦੇਣਦਾਰ ਹੈ।
ਗਿਲੇਸਪੀ ਨੇ ਕਿਹਾ ਕਿ ਮੈਂ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨ ਵਾਲਾ ਸੀ। ਮੈਂ ਆਪਣੇ ਪੂਰੇ ਕਰੀਅਰ ‘ਚ ਕਦੇ ਅਜਿਹਾ ਨਹੀਂ ਕੀਤਾ ਅਤੇ ਮੈਂ ਹੁਣ ਜ਼ਰੂਰ ਇਸਨੂੰ ਬਦਲਣ ਵਾਲਾ ਨਹੀਂ ਸੀ।”
ਗਿਲੇਸਪੀ ਨੂੰ ਦਸੰਬਰ 2024 ‘ਚ ਪਾਕਿਸਤਾਨ ਟੈਸਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇੱਕ ਸਾਲ ਤੋਂ ਵੀ ਘੱਟ ਸਮੇਂ ਲਈ ਇਸ ਅਹੁਦੇ ‘ਤੇ ਕੰਮ ਕੀਤਾ। ਉਹ ਹੁਣ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵੀ, ਪੀਸੀਬੀ ਦੁਆਰਾ ਪੂਰਾ ਭੁਗਤਾਨ ਨਹੀਂ ਕੀਤਾ ਗਿਆ ਹੈ। ਗਿਲੇਸਪੀ ਦੇ ਮੁਤਾਬਕ, ਉਸਨੂੰ ਉਸਦੀ ਸਪੱਸ਼ਟਤਾ ਕਾਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਤਾਂ ਚੁੱਪ ਰਹਿ ਸਕਦਾ ਸੀ ਅਤੇ ਆਪਣੀ ਤਨਖਾਹ ਪ੍ਰਾਪਤ ਕਰਦਾ ਰਹਿ ਸਕਦਾ ਸੀ, ਪਰ ਅਜਿਹਾ ਕਰਨ ਨਾਲ ਉਸਦੇ ਸਿਧਾਂਤਾਂ ਅਤੇ ਸਾਲਾਂ ਦੌਰਾਨ ਬਣਾਈ ਗਈ ਉਸਦੀ ਛਵੀ ਨਾਲ ਸਮਝੌਤਾ ਹੁੰਦਾ।
ਗਿਲੇਸਪੀ ਨੇ ਪਾਕਿਸਤਾਨ ਕ੍ਰਿਕਟ ਦੇ ਮੌਜੂਦਾ ਢਾਂਚੇ ‘ਚ ਆਕਿਬ ਜਾਵੇਦ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਾਵੇਦ ਦੀ ਨਿਯੁਕਤੀ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਨਾਲ ਉਸਦਾ ਰਿਸ਼ਤਾ ਪੂਰੀ ਤਰ੍ਹਾਂ ਬਦਲ ਗਿਆ। ਗਿਲੇਸਪੀ ਨੇ ਕਿਹਾ, “ਮੇਰਾ ਪੂਰੀ ਤਰ੍ਹਾਂ ਨਿਰਾਦਰ ਅਤੇ ਕਮਜ਼ੋਰ ਕੀਤਾ ਗਿਆ ਸੀ। ਮੈਂ ਇਸ ਲਈ ਆਕਿਬ ਜਾਵੇਦ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ।”
Read More: ਦਿਲੀਪ ਟਰਾਫੀ 2026: ਤੀਜੇ ਦਿਨ ਦੀ ਖੇਡ ਸਮਾਪਤ, ਦੱਖਣੀ ਜ਼ੋਨ ਟੀਮ 466 ਦੌੜਾਂ ਪਿੱਛੇ




