ਅਧਿਆਪਕ ਦਿਵਸ 2026

ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਸਟੇਟ ਐਵਾਰਡਾਂ ਨਾਲ ਸਨਮਾਨ ਕਰੇਗੀ ਪੰਜਾਬ ਸਰਕਾਰ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 4 ਸਤੰਬਰ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਨੂੰ ਵੱਕਾਰੀ ਰਾਜ ਅਧਿਆਪਕ ਪੁਰਸਕਾਰ-2026 ਨਾਲ ਸਨਮਾਨਿਤ ਕੀਤਾ ਜਾਵੇਗਾ।

ਹਰਜੋਤ ਬੈਂਸ ਨੇ ਦੱਸਿਆ ਕਿ ਇਹ ਸਾਰੇ 75 ਅਧਿਆਪਕ ਰਾਜ ਅਧਿਆਪਕ ਪੁਰਸਕਾਰ ਨੀਤੀ ਅਨੁਸਾਰ ਪਾਰਦਰਸ਼ੀ ਢੰਗ ਨਾਲ ਯੋਗਤਾ ਦੇ ਆਧਾਰ ’ਤੇ ਚੁਣੇ ਗਏ ਹਨ। ਇਨ੍ਹਾਂ ‘ਚੋਂ 55 ਰਾਜ ਅਧਿਆਪਕ ਪੁਰਸਕਾਰ ਲਈ, 10 ਯੰਗ ਅਧਿਆਪਕ ਪੁਰਸਕਾਰ ਲਈ, 4 ਵਿਸ਼ੇਸ਼ ਅਧਿਆਪਕ ਪੁਰਸਕਾਰ ਲਈ ਅਤੇ 6 ਪ੍ਰਬੰਧਕੀ ਪੁਰਸਕਾਰ ਲਈ ਚੁਣੇ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ -ਪੰਜਾਬ ਸਰਕਾਰ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ‘ਚ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਕਿਉਂਕਿ ਅਧਿਆਪਕ ਨਾ ਸਿਰਫ਼ ਨੌਜਵਾਨਾਂ ਦੇ ਸੁਪਨਿਆਂ ਨੂੰ ਦਿਸ਼ਾ ਦਿੰਦੇ ਹਨ ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਰਾਹਦਸੇਰੇ ਵੀ ਹੁੰਦੇ ਹਨ। ਇਨ੍ਹਾਂ 75 ਅਧਿਆਪਕਾਂ ਦੀ ਚੋਣ ਪੂਰੀ ਪਾਰਦਰਸ਼ੀ, ਯੋਗਤਾ-ਅਧਾਰਤ ਪ੍ਰਕਿਰਿਆ ਰਾਹੀਂ ਕੀਤੀ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਵੱਕਾਰੀ ਸਨਮਾਨ ਲਈ ਉੱਤਮਤਾ ਅਤੇ ਸਮਰਪਣ ਹੀ ਇੱਕਲੌਤਾ ਮਾਪਦੰਡ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਇਹ ਪੁਰਸਕਾਰ ਸਿੱਖਿਆ ਖੇਤਰ ‘ਚ ਅਧਿਆਪਕਾਂ ਨੂੰ ਮਾਣ ਦੇ ਕੇ ਉਨ੍ਹਾਂ ਨੂੰ ਅਗਾਂਹ ਲਈ ਹੋਰ ਮਿਹਨਤ ਲਈ ਪ੍ਰੇਰਨ ਅਤੇ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ।

ਹਰਜੋਤ ਬੈਂਸ ਨੇ ਕਿਹਾ,‘‘ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦਾ ਧੁਰਾ ਹਨ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦੇਣਾ ਸਾਡਾ ਤਰਜੀਹੀ ਫਰਜ਼ ਹੈ। ਮੈਂ ਇਨ੍ਹਾਂ ਪੁਰਸਕਾਰਾਂ ਲਈ ਚੁਣੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਮੁੱਚੇ ਅਧਿਆਪਕ ਵਰਗ ਨੂੰ ਉੱਤਮਤਾ ਲਈ ਯਤਨਸ਼ੀਲ ਰਹਿਣ ਦੀ ਅਪੀਲ ਕਰਦਾ ਹਾਂ।’’

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੀਤੀ ਆਯੋਗ ਵੱਲੋਂ ਪੰਜਾਬ ਨੂੰ 2026-27 ਲਈ ਕਲਾਸਰੂਮ ਸਿੱਖਿਆ ਦੇ ਨਤੀਜਿਆਂ’ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬੇ ਵਜੋਂ ਮਾਨਤਾ ਦਿੱਤੀ ਹੈ ਅਤੇ ਭਾਰਤ ਸਰਕਾਰ ਦੇ ਪਰਖ ਰਾਸ਼ਟਰੀ ਸਰਵੇਖਣ-2024 ‘ਚ ਕੇਰਲਾ ਨੂੰ ਪਛਾੜ ਕੇ ਦੇਸ਼ ‘ਚ ਪਹਿਲੇ ਸਥਾਨ ’ਤੇ ਰਿਹਾ ਹੈ।

Read More: ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਮਹਿੰਗਾਈ ਭੱਤੇ ‘ਚ 18 ਫੀਸਦੀ ਦਾ ਵਾਧਾ

ਵਿਦੇਸ਼

Scroll to Top