ਹਰਿਆਣਾ, 01 ਸਤੰਬਰ 2026: ਹਰਿਆਣਾ ਵਿਧਾਨ ਸਭਾ ‘ਚ ਚੱਲ ਰਹੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਕਾਂਗਰਸ ਵਿਧਾਇਕ ਜੱਸੀ ਪੇਟਵਾੜ ਵੱਲੋਂ ਸਦਨ ‘ਚ ਵਿਧਾਨ ਸਭਾ ਸਪੀਕਰ ਵਿਰੁੱਧ ਅਸ਼ੋਭਨੀਯ ਭਾਸ਼ਾ ਵਰਤੋਂ ਕਰਕੇ ਸਦਨ ਦੀ ਮਰਿਆਦਾ ਭੰਗ ਕਰਨ ਨੂੰ ਲੈ ਕੇ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਸਦਨ ;ਚ ਰੱਖਿਆ। ਮਤੇ ਦੇ ਸਮਰਥਨ ਵਿੱਚ 15 ਤੋਂ ਵੱਧ ਮੈਂਬਰ ਖੜ੍ਹੇ ਹੋਏ, ਜਿਸ ਤੋਂ ਬਾਅਦ ਮਤੇ ਨੂੰ ਮਨਜ਼ੂਰ ਕਰ ਲਿਆ ਗਿਆ।
ਰਣਬੀਰ ਗੰਗਵਾ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਸਦਨ ਦੀ ਕਾਰਵਾਈ ਦੇਖ ਰਹੇ ਹਨ। ਵਿਧਾਨ ਸਭਾ ਸਪੀਕਰ ਨੇ ਸੱਤਾਧਿਰ ਅਤੇ ਵਿਰੋਧੀ ਧਿਰ, ਦੋਵਾਂ ਨੂੰ ਬਰਾਬਰ ਸਮਾਂ ਦਿੱਤਾ ਹੈ, ਸਗੋਂ ਜਿੰਨਾ ਸਮਾਂ ਸੱਤਾਧਿਰ ਨੂੰ ਦਿੱਤਾ, ਉਸ ਤੋਂ ਵੀ ਵੱਧ ਸਮਾਂ ਵਿਰੋਧੀ ਧਿਰ ਨੂੰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕ ਜੱਸੀ ਪੇਟਵਾੜ ਵੱਲੋਂ ਸੋਸ਼ਲ ਮੀਡੀਆ ਉੱਤੇ ਜਨਤਕ ਤੌਰ ਉੱਤੇ ਮਾਣਹਾਨੀ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵਿਰੁੱਧ ਉਨ੍ਹਾਂ ਦੇ ਅਹੁਦੇ ਪ੍ਰਤੀ ਪੱਖਪਾਤ ਅਤੇ ਪੂਰਵਾਗ੍ਰਹਿ ਵਰਗੇ ਦੋਸ਼ ਲਾਏ ਗਏ ਹਨ। ਸੋਸ਼ਲ ਮੀਡੀਆ ਉੱਤੇ ਅਪਮਾਨਜਨਕ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਗੰਭੀਰ ਦੋਸ਼ ਅਤੇ ਪ੍ਰਤੀਕੂਲ ਟਿੱਪਣੀ ਕੀਤੀ ਗਈ ਹੈ।
ਗੰਗਵਾ ਨੇ ਕਿਹਾ ਕਿ ਇਹ ਅਣਉਚਿਤ ਵਿਵਹਾਰ ਹੈ ਅਤੇ ਸਪੀਕਰ ਦੀ ਗਰਿਮਾ ਅਤੇ ਪ੍ਰਤਿਸ਼ਠਾ ਨੂੰ ਪ੍ਰਭਾਵਿਤ ਕਰਨ ਵਾਲਾ ਮਾਮਲਾ ਹੈ। ਉਨ੍ਹਾਂ ਇਸ ਨੂੰ ਵਿਸ਼ੇਸ਼ ਅਧਿਕਾਰ ਹਨਨ ਅਤੇ ਸਦਨ ਦੀ ਉਲੰਘਣਾ ਦਾ ਵਿਸ਼ਾ ਦੱਸਦਿਆਂ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ ਦੀ ਬੇਨਤੀ ਕੀਤੀ, ਜਿਸ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਸਵੀਕਾਰ ਕਰਕੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ ਦਾ ਫ਼ੈਸਲਾ ਲਿਆ ਗਿਆ।
Read More: ਸਦਨ ‘ਚ ਸੂਬੇ ਦੇ ਵਿਕਾਸ ‘ਤੇ ਚਰਚਾ ਹੋਣੀ ਚਾਹੀਦੀ ਹੈ, ਨਾ ਕਿ ਨਾਅਰੇਬਾਜ਼ੀ: CM ਨਾਇਬ ਸਿੰਘ ਸੈਣੀ




