ਚੰਡੀਗੜ੍ਹ, 01 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਵਿਧਾਨ ਸਭਾ ‘ਚ ਕਿਹਾ ਕਿ ਇਹ ਸਦਨ ਸੂਬੇ ਦੇ ਵਿਕਾਸ ਅਤੇ ਜਨਹਿਤ ਨਾਲ ਜੁੜੇ ਵਿਸ਼ਿਆਂ ਉੱਤੇ ਸਾਰਥਕ ਚਰਚਾ ਲਈ ਹੈ ਅਤੇ ਇਸਦੀ ਗਰਿਮਾ ਬਣਾਈ ਰੱਖਣਾ ਸਾਰੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਵੱਲੋਂ ਚੁੱਕੇ ਗਏ ਵਿਸ਼ੇ ਉੱਤੇ ਜਵਾਬ ਦਿੰਦਿਆਂ ਕਿਹਾ ਕਿ ਹੁੱਡਾ ਇਸ ਸਦਨ ਦੇ ਬਹੁਤ ਸੀਨੀਅਰ ਅਤੇ ਸਨਮਾਨਯੋਗ ਮੈਂਬਰ ਹਨ ਅਤੇ ਅਸੀਂ ਉਨ੍ਹਾਂ ਤੋਂ ਸਿੱਖਦੇ ਵੀ ਹਾਂ, ਹਾਲਾਂਕਿ ਅਸੀਂ ਉਸ ਰਸਤੇ ਉੱਤੇ ਨਹੀਂ ਚੱਲਦੇ, ਜੋ ਇਹ ਸਿਖਾਉਂਦੇ ਹਨ। ਸਾਡਾ ਰਸਤਾ ਵੱਖਰਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹੁੱਡਾ ਦਾ ਪੂਰਾ ਸਨਮਾਨ ਕਰਦੇ ਹਨ। ਉਨ੍ਹਾਂ ਵੱਲੋਂ ਕਹੀ ਗਈ ਗੱਲ ਦੀ ਪੂਰੀ ਕਾਰਵਾਈ ਅਤੇ ਸੰਦਰਭ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਕਿਸੇ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਵਾਰ-ਵਾਰ ਖੜ੍ਹੇ ਹੋ ਕੇ ਇਸ ਮਹਾਨ ਸਦਨ ਦੇ ਅੰਦਰ ਨਾਅਰੇ ਲਾ ਰਹੇ ਸਨ, ਜਦਕਿ ਇੱਥੇ ਹਰਿਆਣਾ ਸੂਬੇ ਦੇ ਵਿਕਾਸ ਨਾਲ ਜੁੜੇ ਵਿਸ਼ਿਆਂ ਉੱਤੇ ਚਰਚਾ ਹੋਣੀ ਚਾਹੀਦੀ ਹੈ। ਵਿਧਾਨ ਸਭਾ ਸਪੀਕਰ ਵੱਲੋਂ ਮੈਂਬਰਾਂ ਨੂੰ ਚੈਂਬਰ ‘ਚ ਆ ਕੇ ਵੀਡੀਓ ਦੇਖਣ ਲਈ ਕਹਿਣ ਦੇ ਬਾਵਜੂਦ ਸਦਨ ਵਿੱਚ ਫਿਰ ਉਹੀ ਨਾਅਰੇ ਲਾਏ ਗਏ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਮੈਂਬਰਾਂ ਵੱਲੋਂ ਲਗਾਤਾਰ ਇਹ ਨਾਅਰੇ ਲਾਏ ਜਾ ਰਹੇ ਸਨ ਕਿ “ਇਨ੍ਹਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ।” ਇਸੇ ਸੰਦਰਭ ਵਿੱਚ ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ “ਗੁੰਡਾਗਰਦੀ ਸਾਡੀ ਪਾਸਿਓਂ ਨਹੀਂ ਚੱਲ ਰਹੀ, ਤੁਹਾਡੀ ਪਾਸਿਓਂ ਚੱਲ ਰਹੀ ਹੈ।” ਉਨ੍ਹਾਂ ਨੇ ਸਿਰਫ਼ ਇਹੀ ਸ਼ਬਦ ਕਹੇ ਸਨ ਅਤੇ ਇਸ ‘ਚ ਕੋਈ ਗ਼ੈਰ-ਸੰਸਦੀ ਗੱਲ ਨਹੀਂ ਹੈ।
Read More: PM ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਦੀ ਅਰਥਵਿਵਸਥਾ ਇੱਕ ਵਾਰ ਫਿਰ ਮਜ਼ਬੂਤ: CM ਨਾਇਬ ਸੈਣੀ




