ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਪਹਿਲ ਤਹਿਤ ਬਜ਼ੁਰਗਾਂ ਨੂੰ ਵੱਡਾ ਤੋਹਫ਼ਾ
ਬਜ਼ੁਰਗ ਸਾਡੇ ਪਰਿਵਾਰਾਂ ਦੀਆਂ ਜੜ੍ਹਾਂ, ਸਮਾਜ ਦਾ ਤਜ਼ਰਬਾ ਅਤੇ ਸਾਡੀ ਅਨਮੋਲ ਵਿਰਾਸਤ ਹੁੰਦੇ ਹਨ|ਬਜ਼ੁਰਗਾਂ ਦੀ ਅਣਗਹਿਲੀ ਅਤੇ ਭਾਵਨਾਤਮਕ ਦੁੱਖ ਨੂੰ ਸਮਝਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਸਿਰਲੇਖ ਵਾਲੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ|ਇਸ ਪਹਿਲਕਦਮੀ ਤਹਿਤ ਸੂਬੇ ਭਰ ਦੇ ਬਜ਼ੁਰਗਾਂ ਦੀ ਭਲਾਈ, ਸੁਰੱਖਿਅਤ, ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸਦੇ ਉਹ ਅਸਲੀ ਹੱਕਦਾਰ ਹਨ|
ਮਾਨ ਸਰਕਾਰ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਇਕੱਲਾ ਜਾਂ ਬੇਸਹਾਰਾ ਮਹਿਸੂਸ ਨਾ ਕਰਨ|ਸਰਕਾਰ ਵੱਲੋਂ ਹੈਲਪਲਾਈਨ ਨੰਬਰ 1076 ਰਾਹੀਂ ਸੂਬੇ ਦੇ ਬਜ਼ੁਰਗਾਂ ਨੂੰ ਘਰ ਬੈਠੇ ਬੁਢਾਪਾ ਪੈਨਸ਼ਨ ਲਈ ਅਰਜ਼ੀਆਂ ਦੇਣ ਦੀ ਸਹੂਲਤ ਦਿੱਤੀ ਜਾ ਰਹੀ ਹੈ|
ਇਸਤੋਂ ਇਲਾਵਾ ਬਜ਼ੁਰਗਾਂ ਨਾਲ ਕਿਸੇ ਵੀ ਤਰ੍ਹਾਂ ਦੀ ਅਣਦੇਖੀ, ਦੁਰਵਿਵਹਾਰ ਜਾਂ ਸ਼ੋਸ਼ਣ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਐਲਡਰ ਹੈਲਪਲਾਈਨ ਨੰਬਰ 14567 ‘ਤੇ ਸੰਪਰਕ ਕੀਤਾ ਜਾ ਸਕਦਾ ਹੈ|ਇਸ ਹੈਲਪਲਾਈਨ ਨੰਬਰ ਰਾਹੀਂ ਬਜ਼ੁਰਗਾਂ ਵੱਲੋਂ ਪ੍ਰਾਪਤ ਹਰ ਸ਼ਿਕਾਇਤ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ|
ਪੰਜਾਬ ਸਰਕਾਰ ਨੇ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ|ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਮੁਤਾਬਕ ਹਜ਼ਾਰਾਂ ਬਜ਼ੁਰਗ ਨਾਗਰਿਕਾਂ ਅਤੇ ਲੋੜਵੰਦ ਪਰਿਵਾਰਾਂ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ|
ਮਾਨ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਸਕੀਮਾਂ ਲਈ 6,131.91 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ| ਕੁੱਲ ਰਾਸ਼ੀ ‘ਚੋਂ ਬੁਢਾਪਾ ਪੈਨਸ਼ਨ ਲਈ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ‘ਚ ਭੇਜੀ ਜਾ ਚੁੱਕੀ ਹੈ|ਸਰਕਾਰ ਵੱਲੋਂ ਜਾਰੀ ਵਿੱਤੀ ਸਹਾਇਤਾ ਸਦਕਾ ਹਜ਼ਾਰਾਂ ਬਜ਼ੁਰਗਾਂ ਨੂੰ ਸੂਬੇ ਦੇ ਬਿਰਧ ਘਰਾਂ ‘ਚ ਪੋਸ਼ਟਿਕ ਭੋਜਨ, ਰਿਹਾਇਸ਼ ਅਤੇ ਸਿਹਤ ਸੰਭਾਲ ਵਰਗੀਆਂ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ|
ਇਸਤੋਂ ਇਲਾਵਾ ਮਾਨ ਸਰਕਾਰ ਵੱਲੋਂ ਲਾਗਏ ਜਾ ਰਹੇ ਮੁਫ਼ਤ ਸਿਹਤ ਕੈਂਪਾਂ ਰਾਹੀਂ ਬਜ਼ੁਰਗਾਂ ਲਈ ਅੱਖਾਂ, ਨੱਕ, ਕੰਨ, ਹੱਡੀਆਂ ਦੇ ਟੈਸਟ, ਕੈਂਸਰ ਸਕ੍ਰੀਨਿੰਗ ਅਤੇ ਫਿਜ਼ੀਓਥੈਰੇਪੀ ਸੈਸ਼ਨ ਕੀਤੇ ਜਾ ਰਹੇ ਹਨ|ਸੂਬਾ ਸਰਕਾਰ, ਸਥਾਨਕ ਪ੍ਰਸ਼ਾਸਨ, ਪੁਲਿਸ, ਪੰਚਾਇਤ ਸੰਸਥਾਵਾਂ ਅਤੇ ਯੂਥ ਕਲੱਬ ਨਾਲ ਮਿਲ ਕੇ ਸੂਬੇ ਭਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਭਲਾਈ ਅਤੇ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਉਲੀਕ ਰਹੀ ਹੈ|




