ਫਿਰੋਜ਼ਪੁਰ ‘ਚ 30 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਫਿਰੋਜ਼ਪੁਰ 8 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਯੂਨਿਟ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਦੋ ਵਿਅਕਤੀਆਂ ਨੂੰ 30,200 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਾਜ਼ਿਲਕਾ ਦੇ ਪਿੰਡ ਵਾਲੇ ਸ਼ਾਹ ਉਤਾੜ ਦੇ ਵਸਨੀਕ ਸੁਖਵਿੰਦਰ ਸਿੰਘ ਅਤੇ ਫਾਜ਼ਿਲਕਾ ਦੇ ਪਿੰਡ ਨਵਾਂ ਹਸਤਾ ਦੇ ਵਸਨੀਕ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਹੈਰੋਇਨ ਦੀ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਮੁਲਜ਼ਮਾਂ ਦੁਆਰਾ ਤਸਕਰੀ ਲਈ ਵਰਤੀ ਜਾਂਦੀ ਇੱਕ ਹੀਰੋ ਡੀਲਕਸ ਮੋਟਰਸਾਈਕਲ (ਪੀਬੀ-05-ਏਐਸ-9856) ਵੀ ਜ਼ਬਤ ਕੀਤੀ।

ਡੀਜੀਪੀ ਨੇ ਦੱਸਿਆ ਕਿ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਮਾਡਿਊਲ ਦੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਬਾਰੇ ਵੇਰਵੇ ਸਾਂਝੇ ਕਰਦੇ ਹੋਏ, ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਇੱਕ ਖਾਸ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਟੀਮ ਨੇ ਬੀਐਸਐਫ ਫਾਜ਼ਿਲਕਾ ਦੇ ਸਹਿਯੋਗ ਨਾਲ ਫਾਜ਼ਿਲਕਾ ਦੇ ਹਿੰਦੂਮਲਕੋਟ ਰੋਡ ‘ਤੇ ਪਿੰਡ ਸਤੀਰਵਾਲਾ ਨੇੜੇ ਇੱਕ ਵਿਸ਼ੇਸ਼ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ, ਪੁਲਿਸ ਪਾਰਟੀ ਨੇ ਮੋਟਰਸਾਈਕਲ ‘ਤੇ ਯਾਤਰਾ ਕਰ ਰਹੇ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 30,200 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਏਆਈਜੀ ਨੇ ਕਿਹਾ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਜ਼ਬਤੀਆਂ ਹੋਣ ਦੀ ਉਮੀਦ ਹੈ।

Read More: ਗੈਂਗਸਟਰ ‘ਤੇ ਵਾਰ ਦੇ 200 ਦਿਨ ਪੂਰੇ, 990 ਗੈਰ-ਕਾਨੂੰਨੀ ਹਥਿਆਰ ਤੇ 15 ਹੈਂਡ ਗ੍ਰਨੇਡ ਬਰਾਮਦ ਕੀਤੇ

ਵਿਦੇਸ਼

Scroll to Top