ਅੰਮ੍ਰਿਤਸਰ, 7 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 21.299 ਕਿਲੋਗ੍ਰਾਮ ਹੈਰੋਇਨ, 970 ਗ੍ਰਾਮ ਆਈਸੀਈ (ਮੈਥਾਮਫੇਟਾਮਾਈਨ), ਇੱਕ .30 ਬੋਰ ਦਾ ਨਾਜਾਇਜ਼ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਗਨ ਉਰਫ਼ ਡਿਸ਼ਕਾ (23) ਅਤੇ ਜਸਪਿੰਦਰ ਸਿੰਘ (25) – ਦੋਵੇਂ ਵਾਸੀ ਪਿੰਡ ਨਿਕੋਸਰਨ, ਗੁਰਦਾਸਪੁਰ। ਸੁਖਪ੍ਰੀਤ ਸਿੰਘ ਉਰਫ਼ ਸੁੱਖ (30) ਵਾਸੀ ਅੱਡਾ ਜੈਂਤੀਪੁਰ ਅੰਮ੍ਰਿਤਸਰ ਦਿਹਾਤੀ, ਅਭਿਸ਼ੇਕ ਸਭਰਵਾਲ ਉਰਫ਼ ਅਭੀ (25) – ਵਾਸੀ ਸ਼ਰਮਾ ਕਾਲੋਨੀ ਅੰਮ੍ਰਿਤਸਰ, ਮਨਪ੍ਰੀਤ ਸਿੰਘ ਮੰਨੂ (26) ਵਾਸੀ ਪਿੰਡ ਚੰਨਣਕੇ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਦਾ ਮੁੱਖ ਮੁਲਜ਼ਮ ਵਿਦੇਸ਼ ਵਿੱਚ ਬੈਠੇ ਤਸਕਰ ਦੇ ਸਿੱਧੇ ਸੰਪਰਕ ਵਿੱਚ ਸੀ। ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਹੀ ਸਰਹੱਦ ਪਾਰੋਂ ਇਹ ਖੇਪ (ਹੈਰੋਇਨ ਅਤੇ ਹਥਿਆਰ) ਮੰਗਵਾਈ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਵੱਲੋਂ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਨੂੰ ਖੰਘਾਲਣ ਲਈ ਡੂੰਘਾਈ ਨਾਲ ਜਾਂਚ ਜਾਰੀ ਹੈ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀਪੀ) ਨੇ ਆਪ੍ਰੇਸ਼ਨ ਬਾਰੇ ਦੱਸਦਿਆਂ ਕਿਹਾ ਕਿ ਇੱਕ ਪੁਖ਼ਤਾ ਇਤਲਾਹ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸਭ ਤੋਂ ਪਹਿਲਾਂ ਮੁਲਜ਼ਮ ਗਗਨ ਅਤੇ ਜਸਪਿੰਦਰ ਨੂੰ ਇੱਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ।
ਉਨ੍ਹਾਂ ਦੀ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਨੇ 1.01 ਕਿਲੋਗ੍ਰਾਮ ਹੈਰੋਇਨ ਅਤੇ 970 ਗ੍ਰਾਮ ਆਈਸੀਈ ਬਰਾਮਦ ਕੀਤੀ। ਇਸ ਤੋਂ ਬਾਅਦ ਮਿਲੇ ਸੁਰਾਗਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਬਾਕੀ ਤਿੰਨ ਸਾਥੀਆਂ—ਸੁਖਪ੍ਰੀਤ ਉਰਫ਼ ਸੁੱਖ, ਅਭਿਸ਼ੇਕ ਅਤੇ ਮਨਪ੍ਰੀਤ ਨੂੰ ਵੀ ਦਬੋਚ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20.2 ਕਿਲੋਗ੍ਰਾਮ ਵਾਧੂ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਸੁਖਪ੍ਰੀਤ ਉਰਫ਼ ਸੁੱਖ ਇੱਕ ਆਦਤਨ ਅਪਰਾਧੀ ਹੈ, ਜਿਸ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ (NDPS Act) ਅਤੇ ਅਸਲਾ ਐਕਟ ਤਹਿਤ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Read More : ਅੰਮ੍ਰਿਤਸਰ ‘ਚ ਰੇਲਵੇ ਟਰੈਕ ‘ਤੇ ਕਾਰ ਖੜ੍ਹੀ ਕਰਨ ਦੇ ਮਾਮਲੇ ‘ਚ ASI ਮੁਅੱਤਲ




