ਜ਼ਬਤ ਵਾਹਨ

ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਪੁਲਿਸ ਥਾਣਿਆਂ ‘ਚ ਖੜ੍ਹੇ 7,402 ਵਾਹਨਾਂ ਦਾ ਨਿਪਟਾਰਾ

ਚੰਡੀਗੜ੍ਹ, 02 ਜੁਲਾਈ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਸੂਬੇ ਭਰ ਦੇ ਪੁਲਿਸ ਥਾਣਿਆਂ ‘ਚ ਲੰਮੇ ਸਮੇਂ ਤੋਂ ਖੜ੍ਹੇ ਅਣਅਧਿਕਾਰਤ ਅਤੇ ਜ਼ਬਤ ਵਾਹਨਾਂ ਦੇ ਛੇਤੀ ਨਿਪਟਾਰੇ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਿਛਲੇ ਇੱਕ ਮਹੀਨੇ ‘ਚ 7,402 ਜ਼ਬਤ ਵਾਹਨਾਂ ਦਾ ਨਿਪਟਾਰਾ ਕੀਤਾ ਹੈ।

ਇਸ ਮੁਹਿੰਮ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ 55,721 ਜ਼ਬਤ ਵਾਹਨ ਸਨ। ਇਸੇ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸੂਬੇ ਭਰ ‘ਚ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਨੇ 3,355 ਹੋਰ ਵਾਹਨ ਜ਼ਬਤ ਕੀਤੇ। ਇਸ ਨਾਲ ਕੁੱਲ ਗਿਣਤੀ 59,076 ਹੋ ਗਈ। ਹਾਲਾਂਕਿ ਪਿਛਲੇ ਇੱਕ ਮਹੀਨੇ ‘ਚ 7,402 ਵਾਹਨਾਂ ਦੇ ਨਿਪਟਾਰੇ ਤੋਂ ਬਾਅਦ ਮੌਜੂਦਾ ਸਮੇਂ ‘ਚ ਪੁਲਿਸ ਕੋਲ ਜ਼ਬਤ ਵਾਹਨਾਂ ਦੀ ਗਿਣਤੀ ਘਟ ਕੇ 51,674 ਰਹਿ ਗਈ ਹੈ।

ਇਸ ਸਬੰਧ ‘ਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਵਾਹਨਾਂ ਦੀ ਸਖ਼ਤ ਜਾਂਚ ਅਤੇ ਅਪਰਾਧੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਤਹਿਤ ਪੰਜਾਬ ਪੁਲਿਸ ਵੱਖ-ਵੱਖ ਮੁਹਿੰਮਾਂ ਚਲਾ ਰਹੀ ਹੈ। ਪਿਛਲੇ ਇੱਕ ਮਹੀਨੇ ‘ਚ ਪੁਲਿਸ ਨੇ 3,355 ਵਾਹਨ ਜ਼ਬਤ ਕੀਤੇ ਹਨ ਅਤੇ ਪ੍ਰਭਾਵਸ਼ਾਲੀ ਕਾਰਵਾਈ ਰਾਹੀਂ 7,402 ਵਾਹਨਾਂ ਦਾ ਨਿਪਟਾਰਾ ਵੀ ਕੀਤਾ ਹੈ।”

ਇਸ ਦੌਰਾਨ ਐਨਡੀਪੀਐਸ ਐਕਟ ਦੀ ਧਾਰਾ 52 ਏ ਅਧੀਨ ਆਉਣ ਵਾਲੇ ਮਾਮਲਿਆਂ ਨੂੰ ਛੱਡ ਕੇ 8,121 ਵਾਹਨਾਂ ਸਬੰਧੀ ਅਰਜ਼ੀਆਂ ਕਾਨੂੰਨੀ ਜਾਂਚ ਅਧੀਨ ਹਨ, ਜਦਕਿ ਧਾਰਾ 52 ਏ ਅਧੀਨ 1,276 ਮਾਮਲਿਆਂ ‘ਚ ਇਨਵੈਂਟਰੀ ਅਤੇ ਫੋਟੋਗ੍ਰਾਫੀ ਦੀ ਕਾਨੂੰਨੀ ਜਾਂਚ ਦੀ ਪ੍ਰਕਿਰਿਆ ਅਜੇ ਬਾਕੀ ਹੈ।

ਇਹ ਵਿਸ਼ੇਸ਼ ਮੁਹਿੰਮ ਸੂਬੇ ਦੇ ਵੱਖ-ਵੱਖ ਪੁਲਿਸ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ‘ਚ ਵਿਆਪਕ ਪੱਧਰ ‘ਤੇ ਚਲਾਈ ਗਈ। ਜਲੰਧਰ ਕਮਿਸ਼ਨਰੇਟ ਨੇ ਆਪਣੀ ਕਸਟਡੀ ਵਿੱਚ ਮੌਜੂਦ 5,993 ਵਾਹਨਾਂ ‘ਚੋਂ 779 ਵਾਹਨਾਂ ਦਾ ਨਿਪਟਾਰਾ ਕੀਤਾ। ਮੋਗਾ ਪੁਲਿਸ ਨੇ 2,367 ‘ਚੋਂ 697, ਜਦਕਿ ਬਠਿੰਡਾ ਪੁਲਿਸ ਨੇ 3,008 ਵਿੱਚੋਂ 631 ਵਾਹਨਾਂ ਦਾ ਨਿਪਟਾਰਾ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਪੁਲਿਸ ਨੇ 2,649 ‘ਚੋਂ 586, ਲੁਧਿਆਣਾ (ਦਿਹਾਤੀ) ਪੁਲਿਸ ਨੇ 1,618 ‘ਚੋਂ 538 ਅਤੇ ਲੁਧਿਆਣਾ ਕਮਿਸ਼ਨਰੇਟ ਨੇ 7,471 ‘ਚੋਂ 460 ਵਾਹਨਾਂ ਦਾ ਨਿਪਟਾਰਾ ਕੀਤਾ। ਤਰਨਤਾਰਨ ਪੁਲਿਸ ਨੇ 2,033 ‘ਚੋਂ 302 ਅਤੇ ਫਾਜ਼ਿਲਕਾ ਪੁਲਿਸ ਨੇ ਆਪਣੀ ਕਸਟਡੀ ‘ਚ ਮੌਜੂਦ 2,216 ਵਾਹਨਾਂ ‘ਚੋਂ 283 ਵਾਹਨਾਂ ਦਾ ਨਿਪਟਾਰਾ ਕੀਤਾ।

ਇਸ ਮੌਕੇ ਪੰਜਾਬ ਦੇ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ, “ਇਹ ਅੰਕੜੇ ਖੁਦ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਪੁਲਿਸ ਨਾ ਸਿਰਫ਼ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ‘ਚ ਸਰਗਰਮ ਹੈ, ਬਲਕਿ ਕਾਨੂੰਨੀ ਪ੍ਰਕਿਰਿਆਵਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਨੂੰ ਵੀ ਯਕੀਨੀ ਬਣਾ ਰਹੀ ਹੈ। ਆਉਣ ਵਾਲੇ ਮਹੀਨਿਆਂ ‘ਚ ਪੰਜਾਬ ਪੁਲਿਸ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦਾ ਸਮਾਂਬੱਧ ਪਾਲਣ ਕਰਦੇ ਹੋਏ ਕਸਟਡੀ ‘ਚ ਰੱਖੇ ਵਾਹਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦਾ ਯਤਨ ਕਰੇਗੀ।”

Read More: ਪੰਜਾਬ ਕਾਂਗਰਸ ‘ਚ ਬਦਲਾਅ, ਹਾਈਕਮਾਨ ਨੇ ਚਰਨਜੀਤ ਚੰਨੀ ਸਮੇਤ ਇਨ੍ਹਾਂ ਆਗੂਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ

ਵਿਦੇਸ਼

Scroll to Top