ਪੰਜਾਬ, 01 ਜੁਲਾਈ 2026: Punjab Weather News: ਪੰਜਾਬ ਦੇ ਚੰਡੀਗੜ੍ਹ, ਮੋਹਾਲੀ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ| ਪਠਾਨਕੋਟ ‘ਚ ਭਾਰੀ ਮੀਂਹ ਪਿਆ, ਜਦੋਂ ਕਿ ਗੁਰਦਾਸਪੁਰ ‘ਚ ਹਲਕਾ ਮੀਂਹ ਪਿਆ ਹੈ| ਪਠਾਨਕੋਟ ‘ਚ, ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਬਹੁਤ ਸਾਰੇ ਬੱਚੇ ਸਕੂਲ ਨਹੀਂ ਜਾ ਸਕੇ। ਮੋਹਾਲੀ ਅਤੇ ਜਲੰਧਰ ‘ਚ ਹਲਕੇ ਮੀਂਹ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਕਈ ਇਲਾਕਿਆਂ ‘ਚ ਬੱਦਲਵਾਈ ਬਣੀ ਹੋਈ ਹੈ।
ਮੌਸਮ ਵਿਭਾਗ ਨੇ ਮੁਕੇਰੀਆਂ, ਗੁਰਦਾਸਪੁਰ, ਹੁਸ਼ਿਆਰਪੁਰ, ਦਸੂਹਾ, ਪਠਾਨਕੋਟ ਅਤੇ ਧਾਰ ਕਲਾਂ ‘ਚ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ| ਇਸ ਤੋਂ ਇਲਾਵਾ, ਅੱਜ ਪੂਰੇ ਪੰਜਾਬ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਲਾਗੂ ਹੈ| ਦੋ ਤੋਂ ਤਿੰਨ ਦਿਨਾਂ ‘ਚ ਮਾਨਸੂਨ ਆਉਣ ਦੀ ਉਮੀਦ ਹੈ| ਚੰਡੀਗੜ੍ਹ ਸਮੇਤ ਟ੍ਰਾਈਸਿਟੀ ਲਈ ਦੁਪਹਿਰ 12 ਵਜੇ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ|
ਔਸਤਨ ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਸੈਲਸੀਅਸ ਘਟ ਗਿਆ| ਇਸ ਦੇ ਬਾਵਜੂਦ, ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਰਿਹਾ| ਮੰਗਲਵਾਰ ਨੂੰ, ਫਰੀਦਕੋਟ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਸੀ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ|
ਮੌਸਮ ਵਿਭਾਗ ਮੁਤਾਬਕ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਰਬ ਸਾਗਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੂਰੇ ਦਮਨ ਅਤੇ ਦੀਵ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ ਅਤੇ ਕਸ਼ਮੀਰ ਅਤੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ‘ਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਹਲਾਤ ਅਨੁਕੂਲ ਹਨ।
Read More: ਪਠਾਨਕੋਟ ‘ਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਜੁਲਾਈ ‘ਚ ਬਦਲੇਗਾ ਮੌਸਮ




