ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਨੇ ਬਚਾਈਆਂ ਹਜ਼ਾਰਾਂ ਕੀਮਤੀ ਜਾਨਾਂ
ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ‘ਚ 50.12 ਫੀਸਦ ਦੀ ਆਈ ਕਮੀ
ਸੜਕ ‘ਤੇ ਚੱਲਣ ਵਾਲਾ ਹਰ ਵਿਅਕਤੀ ਆਪਣੇ ਘਰ, ਦਫ਼ਤਰ ਜਾਂ ਆਪਣੀ ਮੰਜ਼ਿਲ ‘ਤੇ ਸੁਰੱਖਿਅਤ ਪਹੁੰਚ ਸਕੇ, ਇਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕੀਤਾ|ਇਸ ਫੋਰਸ ਨੇ ਸੜਕ ਹਾਦਸਿਆਂ ‘ਚ ਜ਼ਖਮੀ ਹੋਏ ਕਈ ਲੋਕਾਂ ਦੀਆਂ ਜਾਨਾਂ ਬਚਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ|
ਸੜਕ ਸੁਰੱਖਿਆ ਫੋਰਸ ਨੇ ਪਿਛਲੇ 2 ਸਾਲਾਂ ‘ਚ ਇੱਕ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ ਅਤੇ ਹਾਦਸਿਆਂ ਦੇ ਸ਼ਿਕਾਰ ਹੋਏ ਹਜ਼ਾਰਾਂ ਵਿਅਕਤੀਆਂ ਨੂੰ ਸਮੇਂ-ਸਿਰ ਮੁੱਢਲੀ ਸਹਾਇਤਾ ਦੇ ਕੇ ਸਫ਼ਲਤਾ ਦੀ ਕਹਾਣੀ ਲਿਖੀ ਹੈ| ਸੜਕ ਹਾਦਸਿਆਂ ਦੌਰਾਨ ਜਖ਼ਮੀ ਹੋਣ ਵਾਲੇ 47,000 ਤੋਂ ਵੱਧ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦਿੱਤੀ ਗਈ ਹੈ ਅਤੇ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਦੀ ਦਰ ‘ਚ 50.12 ਫੀਸਦੀ ਤੋਂ ਵੱਧ ਕਮੀ ਆਈ ਹੈ|
ਇਹ ਫੋਰਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ, ਐਮਰਜੈਂਸੀ ਦੀ ਸਥਿਤੀ ‘ਚ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਅਤੇ ਪੀੜਤ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ‘ਚ ਸਹਾਇਤਾ ਪ੍ਰਦਾਨ ਕਰਦੀ ਹੈ| ਮਾਨ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਨੂੰ 144 ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵਾਹਨ ਪ੍ਰਦਾਨ ਕੀਤੇ ਹਨ| ਇਨ੍ਹਾਂ ‘ਚ 116 ਟੋਏਟਾ ਹਿਲਕਸ ਅਤੇ 28 ਸਕਾਰਪੀਓ ਕਾਰਾਂ ਸ਼ਾਮਲ ਹਨ|
ਪੰਜਾਬ ਦੇ ਹਰ ਮਾਰਗ ‘ਤੇ 30 ਕਿਲੋਮੀਟਰ ਦੇ ਘੇਰੇ ‘ਚ ਫੋਰਸ ਦੇ ਜਵਾਨ ਤਾਇਨਾਤ ਰਹਿੰਦੇ ਹਨ| ਕਿਸੇ ਵੀ ਹਾਦਸੇ ਦੀ ਜਾਣਕਾਰੀ ਟੋਲ ਫ੍ਰੀ ਨੰਬਰ: 112 ‘ਤੇ ਦਿੱਤੀ ਜਾ ਸਕਦੀ ਹੈ| ਸੂਚਨਾ ਮਿਲਣ ‘ਤੇ ਬਿਨਾਂ ਕਿਸੇ ਦੇਰੀ ਫੋਰਸ ਹਾਦਸੇ ਵਾਲੀ ਜਗ੍ਹਾ ‘ਤੇ ਔਸਤਨ 6 ਤੋਂ 10 ਮਿੰਟ ਦੇ ਅੰਦਰ ਪਹੁੰਚ ਜਾਂਦੀ ਹੈ| ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ‘ਚ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕਰੀਬ 1597 ਕਰਮਚਾਰੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ|
ਇਸਤੋਂ ਇਲਾਵਾ ਫੋਰਸ ਵੱਲੋਂ ਲਿੰਕ ਰੋਡ ਵੀ ਕਵਰ ਕੀਤੇ ਜਾਂਦੇ ਹਨ ਅਤੇ ਸੜਕੀ ਹਾਦਸਿਆਂ ‘ਚ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਪ੍ਰਦਾਨ ਕਰਦੀ ਹੈ| ਫੋਰਸ ਦੀਆਂ ਟੀਮਾਂ 24 ਘੰਟੇ ਕੰਮ ਕਰਦੀਆਂ ਹਨ ਅਤੇ ਰੋਜ਼ਾਨਾ 15,000 ਕਿਲੋਮੀਟਰ ਗਸ਼ਤ ਕਰਦੀਆਂ ਹਨ ਤਾਂ ਜੋ ਮੁਸੀਬਤ ਦੇ ਸਮੇਂ ਕੋਈ ਵੀ ਨਾਗਰਿਕ ਬੇਸਹਾਰਾ ਨਾ ਰਹੇ| ਹਾਦਸੇ ਦੇ ਪੀੜਤਾਂ ਨਾਲ ਸਬੰਧਤ ਹਰ ਚੀਜ਼ ਅਤੇ ਉਨ੍ਹਾਂ ਦੇ ਪੈਸੇ ਨੂੰ ਪਰਿਵਾਰਕ ਮੈਂਬਰਾਂ ਤੱਕ ਸੁਰੱਖਿਅਤ ਪਹੁੰਚਾਉਣਾ ਯਕੀਨੀ ਬਣਾ ਰਹੀ ਹੈ|
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਹ ਫੋਰਸ 5500 ਕਿਲੋਮੀਟਰ ਹਾਈਵੇਅ ‘ਤੇ ਤਾਇਨਾਤ ਕੀਤੀ ਹੈ, ਜਿੱਥੇ ਸੜਕ ਹਾਦਸਿਆਂ ਦੀ ਸੰਭਾਵਨਾ ਜ਼ਿਆਦਾ ਹੈ| ਇਹ ਫੋਰਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਿਰੁੱਧ ਰੋਕਥਾਮ ਪ੍ਰਣਾਲੀ ਵਜੋਂ ਵੀ ਕੰਮ ਕਰ ਰਹੀ ਹੈ|
Read More: 990 ਆਮ ਆਦਮੀ ਕਲੀਨਿਕ ਨਾਲ ਘਰ ਨੇੜੇ ਮਿਲ ਰਿਹਾ ਮੁਫ਼ਤ ਇਲਾਜ




