ਪੰਜਾਬ , 11 ਜੂਨ 2026: Punjab Weather News: ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲਿਆ| ਸਵੇਰੇ ਮੋਹਾਲੀ ‘ਚ ਤੇਜ਼ ਤੂਫ਼ਾਨ ਆਇਆ, ਜਿਸ ਤੋਂ ਬਾਅਦ ਹਲਕਾ ਮੀਂਹ ਵੀ ਪਿਆ | ਮੌਸਮ ਵਿਭਾਗ ਨੇ 14 ਜੂਨ ਨੂੰ ਸੂਬੇ ‘ਚ ਮੀਂਹ, ਗਰਜ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ 11 ਤੋਂ 14 ਜੂਨ ਦੇ ਵਿਚਕਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਪ੍ਰੀ-ਮੌਨਸੂਨ ਗਤੀਵਿਧੀਆਂ ਤੇਜ਼ ਹੋਣ ਦੀ ਉਮੀਦ ਹੈ। ਇਸ ਸਮੇਂ ਦੌਰਾਨ, ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਗਰਜ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ 11 ਅਤੇ 12 ਜੂਨ ਲਈ ਇੱਕ ਔਰੇਂਜ ਚੇਤਾਵਨੀ ਵੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਵਧ ਸਕਦਾ ਹੈ। ਹਾਲਾਂਕਿ, 11 ਜੂਨ ਤੋਂ ਬਾਅਦ ਮੌਸਮ ‘ਚ ਤਬਦੀਲੀ ਨਾਲ ਗਰਮੀ ਦਾ ਪ੍ਰਭਾਵ ਘਟਣ ਦੀ ਉਮੀਦ ਹੈ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਹਾਲਾਂਕਿ ਸੂਬੇ ਭਰ ‘ਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਕਈਂ ਜ਼ਿਲ੍ਹਿਆਂ ‘ਚ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ‘ਚ ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।
ਇਸ ਤੋਂ ਇਲਾਵਾ, ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ‘ਚ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਤਾਪਮਾਨ ਘੱਟ ਸਕਦਾ ਹੈ ਅਤੇ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਵਸਨੀਕਾਂ ਨੂੰ ਇਸ ਤੇਜ਼ ਗਰਮੀ ਦੌਰਾਨ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ, ਮੀਂਹ ਜਾਂ ਬਿਜਲੀ ਗਰਜ ਦੌਰਾਨ ਖੁੱਲ੍ਹੇ ਖੇਤਾਂ ‘ਚ ਜਾਂ ਦਰੱਖਤਾਂ ਹੇਠ ਖੜ੍ਹੇ ਹੋਣ ਤੋਂ ਬਚੋ।
Read More: Punjab Weather News: ਪੰਜਾਬ ਦੇ 9 ਜ਼ਿਲ੍ਹਿਆਂ ‘ਚ ਹੀਟਵੇਵ ਅਲਰਟ, 11 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ




