ਦਿੱਲੀ, 04 ਜੂਨ 2026: Delhi Hotel Fire: ਦੱਖਣੀ ਦਿੱਲੀ ਦੇ ਮਾਲਵੀਆ ਨਗਰ ‘ਚ ਫਲੋਰਿਸ਼ ਸਟੇਅ ਹੋਟਲ ‘ਚ ਬੁੱਧਵਾਰ ਸਵੇਰੇ ਲੱਗੀ ਅੱਗ ਦੀ ਘਟਨਾ ‘ਚ ਹੁਣ ਤੱਕ 21 ਜਣਿਆਂ ਦੀ ਮੌਤ ਹੋ ਚੁੱਕੀ ਹੈ। ਹੋਟਲ ਕੋਲ ਛੇ ਕਮਰਿਆਂ ਲਈ ਪਰਮਿਟ ਸੀ, ਪਰ ਇਸਨੇ ਪੰਜ ਮੰਜ਼ਿਲਾਂ ‘ਤੇ 25 ਤੋਂ ਵੱਧ ਕਮਰੇ ਬਣਾਏ ਸਨ। ਹੋਟਲ ਕੋਲ ਅੱਗ ਬੁਝਾਊ ਸਰਟੀਫਿਕੇਟ (NOC) ਦੀ ਘਾਟ ਸੀ ਅਤੇ ਸਿਰਫ਼ ਇੱਕ ਹੀ ਪ੍ਰਵੇਸ਼ ਅਤੇ ਨਿਕਾਸ ਸੀ।
ਇਨ੍ਹਾਂ ਮ੍ਰਿਤਕਾਂ ‘ਚ 11 ਵਿਦੇਸ਼ੀ ਅਤੇ 10 ਭਾਰਤੀ ਸਨ। ਵਿਦੇਸ਼ੀ ‘ਚੋਂ ਨੌਂ ਅਫਰੀਕੀ ਦੇਸ਼ਾਂ ਦੇ ਨਾਗਰਿਕ ਸਨ ਅਤੇ ਦੋ ਤੁਰਕਮੇਨਿਸਤਾਨ ਦੇ ਸਨ। ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕੀਤਾ ਜਾਵੇਗਾ। ਪੁਲਿਸ ਨੇ ਹੋਟਲ ਦੇ ਮਾਲਕ ਲਵੇਕੇਸ਼ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲਵੇਕੇਸ਼ ਅਤੇ ਹੋਰਾਂ ਵਿਰੁੱਧ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅੱਗ ਲੱਗਣ ਦਾ ਕਾਰਨ ਅਜੇ ਵੀ ਅਣਜਾਣ ਹੈ। ਹਾਦਸੇ ‘ਚ ਮਰਨ ਵਾਲੇ ਗੁਰੂਗ੍ਰਾਮ ਦੇ ਚਾਰਟਰਡ ਅਕਾਊਂਟੈਂਟ ਵਿਵੇਕ ਅਗਰਵਾਲ ਨੇ ਅੱਗ ਲੱਗਣ ਦੌਰਾਨ ਇੱਕ ਰਿਸ਼ਤੇਦਾਰ ਨੂੰ ਫ਼ੋਨ ਕਰਕੇ ਕਿਹਾ ਸੀ, “ਭਰਾ, ਅਸੀਂ ਸ਼ਾਇਦ ਬਚ ਨਾ ਸਕੀਏ।”
ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਸਵੇਰੇ 8:30 ਵਜੇ ਲੱਗੀ। ਕੁਝ ਮਿੰਟਾਂ ‘ਚ ਹੀ ਪੂਰੀ ਇਮਾਰਤ ‘ਚ ਧੂੰਆਂ ਫੈਲ ਗਿਆ। ਉੱਪਰਲੀਆਂ ਮੰਜ਼ਿਲਾਂ ‘ਤੇ ਰਹਿਣ ਵਾਲਿਆਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਫਾਇਰ ਬ੍ਰਿਗੇਡ ਸੇਵਾ, ਪੁਲਿਸ ਅਤੇ ਸਥਾਨਕ ਨਿਵਾਸੀਆਂ ਨੇ 58 ਲੋਕਾਂ ਨੂੰ ਬਚਾਇਆ।
ਇਸ ਦੌਰਾਨ, ਸਥਾਨਕ ਨਿਵਾਸੀਆਂ ਨੇ ਸੜਕ ‘ਤੇ ਗੱਦੇ ਵਿਛਾ ਦਿੱਤੇ, ਜਿਨ੍ਹਾਂ ‘ਤੇ ਕਈਆਂ ਨੇ ਛਾਲ ਮਾਰ ਦਿੱਤੀ। ਇਸ ਨਾਲ ਕਈ ਜਾਨਾਂ ਬਚ ਗਈਆਂ, ਹਾਲਾਂਕਿ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ। ਪੁਲਿਸ ਦੇ ਅਨੁਸਾਰ, ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਸਥਾਨਕ ਨਿਵਾਸੀਆਂ ਦੀ ਮੱਦਦ ਨਾਲ ਹੋਟਲ ‘ਚ ਫਸੇ 49 ਜਣਿਆਂ ਨੂੰ ਮੈਕਸ, ਏਮਜ਼ ਅਤੇ ਸਫਦਰਜੰਗ ਹਸਪਤਾਲ ਪਹੁੰਚਾਇਆ। ਇਨ੍ਹਾਂ ‘ਚੋਂ 21 ਨੂੰ ਨਹੀਂ ਬਚਾਇਆ ਜਾ ਸਕਿਆ। ਬਾਕੀ ਜ਼ਖਮੀਆਂ ‘ਚੋਂ ਅੱਠ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਿਆਦਾਤਰ ਮੌਤਾਂ ਦਮ ਘੁੱਟਣ ਅਤੇ ਸੜਨ ਕਾਰਨ ਹੋਈਆਂ।
ਇਨ੍ਹਾਂ ‘ਚੋਂ 35 ਜ਼ਖਮੀ ਹਨ, 10 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ। ਮੈਕਸ ਹਸਪਤਾਲ ਨੇ ਦੱਸਿਆ ਕਿ 39 ਜਣਿਆ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ‘ਚੋਂ 18 ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। 15 ਆਈਸੀਯੂ ‘ਚ ਹਨ ਅਤੇ ਅੱਠ ਵੈਂਟੀਲੇਟਰਾਂ ‘ਤੇ ਹਨ।
ਦਿੱਲੀ ਦੇ ਉਪ ਰਾਜਪਾਲ (ਐਲਜੀ) ਤਰਨਜੀਤ ਸਿੰਘ ਸੰਧੂ ਨੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਅਤੇ 4 ਜੂਨ ਤੋਂ ਸਾਰੇ ਹੋਟਲਾਂ, ਕੋਚਿੰਗ ਸੰਸਥਾਵਾਂ, ਨਰਸਿੰਗ ਹੋਮਾਂ ਅਤੇ ਹਸਪਤਾਲਾਂ ‘ਚ ਅੱਗ ਸੁਰੱਖਿਆ ਮਾਪਦੰਡਾਂ ਦੀ ਜਾਂਚ ਕਰਨ ਲਈ ਇੱਕ ਮੁਹਿੰਮ ਚਲਾਉਣ ਦਾ ਆਦੇਸ਼ ਦਿੱਤਾ। ਸਾਰੇ ਵਪਾਰਕ ਅਦਾਰੇ ਇਸ ਦੇ ਅਧੀਨ ਆਉਣਗੇ। ਜੇਕਰ ਅੱਗ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਅਜਿਹੀਆਂ ਸਾਰੀਆਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ |
Read More: ਦਿੱਲੀ: ਗ੍ਰੀਨ ਨਾਮ ਰੈਸਟੋਰੈਂਟ ‘ਚ ਲੱਗੀ ਅੱ.ਗ, 10 ਜਣਿਆ ਦੀ ਮੌ.ਤ




