ਮੂਨਕ, 27 ਮਈ 2026: ਸੰਗਰੂਰ ਜਿਲ੍ਹੇ ‘ਚ ਪੈਂਦੇ ਕਸਬਾ ਮੂਨਕ ‘ਚ ਇੱਕ ਵਿਆਹ ਸਮਾਗਮ ‘ਚ ਖਾਣਾ ਖਾਣ ਤੋਂ ਬਾਅਦ ਕਰੀਬ 200 ਤੋਂ 250 ਜਣੇ ਬਿਮਾਰ ਪੈ ਗਏ | ਖਾਣਾ ਖਾਣ ਵਾਲੇ ਹਰ ਵਿਅਕਤੀ ਨੇ ਅਚਾਨਕ ਉਲਟੀਆਂ ਅਤੇ ਦਸਤ ਲੱਗਣ ਦੀ ਸ਼ਿਕਾਇਤ ਕੀਤੀ। ਇਸਤੋਂ ਬਾਅਦ 70 ਤੋਂ 80 ਮਰੀਜ਼ਾਂ ਨੂੰ ਮੂਨਕ ਦੇ ਸਰਕਾਰੀ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ | ਇਸ ਦੌਰਾਨ ਮਰੀਜ਼ਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਸਹੂਲਤ ਮਿਲਣ ‘ਚ ਦੇਰੀ ਕਾਰਨ ਪ੍ਰੇਸ਼ਾਨ ਦਿਖਾਈ ਦਿੱਤੇ, ਹਾਲਾਂਕਿ ਬਾਅਦ ‘ਚ ਹਸਪਤਾਲ ਸਟਾਫ਼ ਨੇ ਇਲਾਜ਼ ਸ਼ੁਰੂ ਕਰ ਦਿੱਤਾ |

ਇਸਤੋਂ ਇਲਾਵਾ ਵਿਆਹ ਸਮਾਗਮ ‘ਚ ਆਏ ਹੋਰ ਵਿਅਕਤੀਆਂ ਨੂੰ ਟੋਹਾਣਾ, ਬਰੇਟਾ ਅਤੇ ਹੋਰਨਾਂ ਸ਼ਹਿਰਾਂ ਦੇ ਹਸਪਤਾਲ ‘ਚ ਦਾਖਲ ਕਰਵਾਇਆ | ਇਨ੍ਹਾਂ ਸਾਰੇ ਮਰੀਜ਼ਾਂ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ | ਸੰਬੰਧਿਤ ਸਿਹਤ ਵਿਭਾਗ ਨੇ ਵਿਆਹ ‘ਚ ਪਰੋਸੇ ਗਏ ਖਾਣੇ ਦੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਹਸਪਤਾਲ ‘ਚ ਪਹੁੰਚੇ। ਬਾਅਦ ਚ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਵੀ ਪਹੁੰਚੇ ਅਤੇ ਬਿਮਾਰ ਲੋਕਾਂ ਦਾ ਹਾਲ-ਚਾਲ ਜਾਣਿਆ। ਇਸਤੋਂ ਇਲਾਵਾ ਮੂਨਕ ਦੀ ਬਾਬਾ ਅਮਰਗਿਰ ਕਮੇਟੀ ਹਸਪਤਾਲ ‘ਚ ਦਾਖਲ ਮਰੀਜ਼ਾ ਲਈ ਖਿਚੜੀ ਅਤੇ ਹੋਰ ਜਰੂਰੀ ਵਸਤਾਂ ਦੀ ਸੇਵਾ ਕਰ ਰਹੀ ਹੈ |
Read More: ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਖੇਡ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ




