Punjab News

ਕੇਂਦਰ RBI ਦੇ ਅਸਧਾਰਨ ਲਾਭਅੰਸ਼ ਨੂੰ ਸੂਬਿਆਂ ਨਾਲ ਸਾਂਝਾ ਕਰੇ, ਕੇਂਦਰੀ ਬੈਂਕ ਦੀ ਸੁਤੰਤਰਤਾ ਤੇ ਵਿੱਤੀ ਮਜ਼ਬੂਤੀ ਦੀ ਰੱਖਿਆ ਕਰੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ, 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਦੁਆਰਾ ਭਾਰਤੀ ਰਿਜ਼ਰਵ ਬੈਂਕ (RBI) ਤੋਂ ਕਰੀਬ ₹2.87 ਲੱਖ ਕਰੋੜ ਦਾ ਲਾਭਅੰਸ਼ (ਡਿਵੀਡੈਂਡ) ਲੈਣ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਆਰਬੀਆਈ ਦੇ ਰਾਖਵੇਂ ਫੰਡਾਂ ਨੂੰ ਬਹੁਤ ਜ਼ਿਆਦਾ ਕੱਢਣ ਨਾਲ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਲਚਕਤਾ ਕਮਜ਼ੋਰ ਹੋ ਸਕਦੀ ਹੈ ਅਤੇ ਕੇਂਦਰੀ ਬੈਂਕ ਦੀ ਮਜ਼ਬੂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਹਰਪਾਲ ਸਿੰਘ ਚੀਮਾ ਨੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਰਬੀਆਈ ਨੇ ਕੇਂਦਰੀ ਬੈਂਕ ਦੀ ਲਗਭਗ ₹4 ਲੱਖ ਕਰੋੜ ਦੀ ਕੁੱਲ ਆਮਦਨ ‘ਚੋਂ ਲਗਭਗ ₹2.87 ਲੱਖ ਕਰੋੜ ਕੇਂਦਰ ਸਰਕਾਰ ਨੂੰ ਤਬਦੀਲ ਕੀਤੇ ਹਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਆਰਬੀਆਈ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੂੰ ਕੀਤੇ ਗਏ ਸਭ ਤੋਂ ਵੱਧ ਲਾਭਅੰਸ਼ ਤਬਾਦਲਿਆਂ ‘ਚੋਂ ਇੱਕ ਹੈ।

ਪੰਜਾਬ ਵਿੱਤ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਆਮ ਨਾਗਰਿਕ ਪਹਿਲਾਂ ਹੀ ਤੇਲ ਦੀਆਂ ਉੱਚੀਆਂ ਕੀਮਤਾਂ, ਮਹਿੰਗਾਈ ਦੇ ਦਬਾਅ ਅਤੇ ਕਿਫਾਇਤੀ ਵਰਤਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ, ਇਹ ਅਸਧਾਰਨ ਤਬਾਦਲਾ ਤਿੰਨ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾ, ਅਜਿਹੇ ਅਚਨਚੇਤ ਮੁਨਾਫ਼ਿਆਂ ਨੂੰ ਵਰਤਮਾਨ ‘ਚ ਸੂਬਿਆਂ ਨਾਲ ਸਾਂਝੇ ਕੀਤੇ ਜਾਣ ਵਾਲੇ ਟੈਕਸਾਂ ਦੇ ਵੰਡਣਯੋਗ ਪੂਲ ਤੋਂ ਬਾਹਰ ਰੱਖਿਆ ਹੈ। ਜੇਕਰ ਕੇਂਦਰ ਸਰਕਾਰ ਗਲੋਬਲ ਅਨਿਸ਼ਚਿਤਤਾਵਾਂ ਅਤੇ ਸਪਲਾਈ ਦੇ ਝਟਕਿਆਂ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ, ਤਾਂ ਸੂਬਾ ਵੀ ਇਨ੍ਹਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਕਿਸਮ ਦੇ ਅਸਧਾਰਨ ਮੁਨਾਫ਼ਿਆਂ ਨੂੰ ਸਹਿਕਾਰੀ ਸੰਘਵਾਦ ਅਤੇ ਵਿੱਤੀ ਨਿਰਪੱਖਤਾ ਦੀ ਭਾਵਨਾ ਨਾਲ ਸੂਬਿਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਬੈਂਕ ਦੀ ਵਿੱਤੀ ਮਜ਼ਬੂਤੀ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿੱਥੇ ਵਿੱਤੀ ਘਾਟੇ ਨੂੰ ਘਟਾਉਣਾ ਮਹੱਤਵਪੂਰਨ ਹੈ, ਉੱਥੇ ਇਹ ਭਾਰਤੀ ਰਿਜ਼ਰਵ ਬੈਂਕ ਦੀ ਵਿੱਤੀ ਮਜ਼ਬੂਤੀ ਅਤੇ ਸੰਸਥਾਗਤ ਤਾਕਤ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਆਰਬੀਆਈ ਸੰਕਟ ਦੇ ਸਮੇਂ ਦੇਸ਼ ਦੇ ਆਰਥਿਕ ਸਦਮਾ ਸੋਖਕ (ਸ਼ੌਕ ਐਬਜ਼ੋਰਬਰ) ਅਤੇ ਮੁਦਰਾ ਸਥਿਰਤਾ ਵਜੋਂ ਕੰਮ ਕਰਦਾ ਹੈ। ਰਾਖਵੇਂ ਫੰਡਾਂ ਨੂੰ ਬਹੁਤ ਜ਼ਿਆਦਾ ਕੱਢਣ ਨਾਲ ਦੇਸ਼ ਦੀ ਲੰਬੇ ਸਮੇਂ ਦੀ ਲਚਕਤਾ ਅਤੇ ਆਰਥਿਕ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਸਕਦੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕਰੰਸੀ ਅਤੇ ਗਲੋਬਲ ਵਿੱਤੀ ਮਾਹੌਲ ਦਬਾਅ ਹੇਠ ਹਨ, ਆਰਬੀਆਈ ਨੂੰ ਆਦਰਸ਼ਕ ਤੌਰ ‘ਤੇ ਆਪਣੇ ਕੋਲ ਇੱਕ ਮਜ਼ਬੂਤ ਵਿੱਤੀ ਬਫਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਥਿਰਤਾ ਦੀ ਰੱਖਿਆ ਲਈ ਕੇਂਦਰੀ ਬੈਂਕ ਨੂੰ ਲੋੜੀਂਦੇ ਰਾਖਵੇਂ ਫੰਡ ਅਤੇ ਨੀਤੀਗਤ ਲਚਕਤਾ ਬਣਾਈ ਰੱਖਣੀ ਚਾਹੀਦੀ ਹੈ।

ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਬੀਆਈ ਦੀ ਲੀਡਰਸ਼ਿਪ ਨੂੰ ਸੰਸਥਾ ਦੀ ਖੁਦਮੁਖਤਿਆਰੀ ਅਤੇ ਭਰੋਸੇਯੋਗਤਾ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹੋਏ ਕਿਹਾ, “ਮੈਂ ਆਰਬੀਆਈ ਦੇ ਗਵਰਨਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਭਾਰਤੀ ਰਿਜ਼ਰਵ ਬੈਂਕ ਦੀ ਸੰਸਥਾਗਤ ਸੁਤੰਤਰਤਾ, ਮਜ਼ਬੂਤੀ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਸਰਵਉੱਚ ਰਹੇ। ਭਾਰਤ ਇੱਕ ਕਮਜ਼ੋਰ ਕੇਂਦਰੀ ਬੈਂਕ ਦੇ ਨਾਲ ਇੱਕ ਮਜ਼ਬੂਤ ਅਤੇ ਲਚਕਦਾਰ ਅਰਥਚਾਰੇ ਦੇ ਨਿਰਮਾਣ ਦੀ ਇੱਛਾ ਨਹੀਂ ਰੱਖ ਸਕਦਾ।”

Read More: ਪੰਜਾਬ ਸਰਕਾਰ ਆਵਾਰਾ ਕੁੱਤਿਆਂ ਸੰਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਕਰੇਗੀ ਲਾਗੂ: CM ਭਗਵੰਤ ਮਾਨ

ਵਿਦੇਸ਼

Scroll to Top