ਵਿਦੇਸ਼, 30 ਅਪ੍ਰੈਲ 2026: ਈਰਾਨ ਅਤੇ ਅਮਰੀਕਾ ਵਿਚਕਾਰ ਫਾਰਸ ਦੀ ਖਾੜੀ ਅਤੇ ਹੋਰਮੁਜ਼ ਜਲਡਮਰੂ ਨੂੰ ਲੈ ਕੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਫਾਰਸ ਦੀ ਖਾੜੀ ਦੇ ਰਾਸ਼ਟਰੀ ਦਿਵਸ ਦੇ ਮੌਕੇ ‘ਤੇ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਈਰਾਨ ਕਿਸੇ ਵੀ ਵਿਦੇਸ਼ੀ ਦਬਾਅ, ਸਮੁੰਦਰੀ ਨਾਕਾਬੰਦੀ ਜਾਂ ਧਮਕੀਆਂ ਅੱਗੇ ਨਹੀਂ ਝੁਕੇਗਾ ਅਤੇ ਉਨ੍ਹਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰੇਗਾ।
ਆਪਣੇ ਬਿਆਨ ‘ਚ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਕਿਹਾ ਕਿ ਫਾਰਸ ਦੀ ਖਾੜੀ ਕੋਈ ਅਜਿਹਾ ਅਖਾੜਾ ਨਹੀਂ ਹੈ ਜਿੱਥੇ ਵਿਦੇਸ਼ੀ ਸ਼ਕਤੀਆਂ ਆਪਣੀ ਮਰਜ਼ੀ ਥੋਪ ਸਕਦੀਆਂ ਹਨ। ਮੌਜੂਦਾ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਂਦੇ ਹੋਏ, ਉਨ੍ਹਾਂ ਕਿਹਾ ਕਿ ਈਰਾਨ ਵਿਰੁੱਧ ਸਮੁੰਦਰੀ ਪਾਬੰਦੀਆਂ ਲਗਾਉਣਾ ਅੰਤਰਰਾਸ਼ਟਰੀ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਫਾਰਸ ਦੀ ਖਾੜੀ ‘ਚ ਕੋਈ ਅਸ਼ਾਂਤੀ ਜਾਂ ਖ਼ਤਰਾ ਪੈਦਾ ਹੁੰਦਾ ਹੈ, ਤਾਂ ਅਮਰੀਕਾ ਅਤੇ ਜ਼ਾਇਓਨਿਸਟ ਸ਼ਾਸਨ (ਇਜ਼ਰਾਈਲ) ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।
ਈਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਦੀ ਜਲ ਫੌਜ ਦੁਨੀਆ ਭਰ ‘ਚ ਮਹੱਤਵਪੂਰਨ ਊਰਜਾ ਆਵਾਜਾਈ ਮਾਰਗਾਂ ਦੀ ਰੱਖਿਆ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਦੁਸ਼ਮਣ ਹੁਣ ਆਪਣੀ ਰਣਨੀਤੀ ਬਦਲ ਰਿਹਾ ਹੈ ਅਤੇ ਆਰਥਿਕ ਅਤੇ ਸਮੁੰਦਰੀ ਵਪਾਰ ਦੇ ਸੰਬੰਧ ‘ਚ ਈਰਾਨ ‘ਤੇ ਦਬਾਅ ਪਾ ਰਿਹਾ ਹੈ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਪੂਰੀ ਤਰ੍ਹਾਂ ਉਲਟ ਹੈ। ਇਹ ਅਮਰੀਕੀ ਸਮੁੰਦਰੀ ਪਾਬੰਦੀਆਂ ਜੰਗਬੰਦੀ ਸਮਝ ਦੀ ਸਿੱਧੀ ਉਲੰਘਣਾ ਹਨ ਅਤੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੀ ਉਲੰਘਣਾ ਹਨ। ਅਜਿਹੀਆਂ ਧਮਕੀਆਂ ਅਤੇ ਪਾਬੰਦੀਆਂ ਨੇ ਕੂਟਨੀਤਕ ਪ੍ਰਕਿਰਿਆ ਸੰਬੰਧੀ ਅਮਰੀਕਾ ਦੇ ਇਰਾਦਿਆਂ ‘ਤੇ ਗੰਭੀਰ ਸ਼ੱਕ ਪੈਦਾ ਕਰ ਦਿੱਤਾ ਹੈ। ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸੁਰੱਖਿਆ ਅਤੇ ਵਪਾਰ ਨਾਲ ਸਮਝੌਤਾ ਨਹੀਂ ਕਰੇਗਾ।
Read More: ਅਫਗਾਨਿਸਤਾਨ ‘ਚ ਹਮਲਿਆਂ ਕਾਰਨ 7 ਜਣਿਆਂ ਦੀ ਮੌ.ਤ, 6 ਪਾਕਿਸਤਾਨੀ ਸੈਨਿਕਾਂ ਦੀ ਗਈ ਜਾਨ




