ਵਿਦੇਸ਼, 28 ਅਪ੍ਰੈਲ 2026: ਸੋਮਵਾਰ ਨੂੰ ਅਫਗਾਨਿਸਤਾਨ ਦੇ ਪੂਰਬੀ ਸੂਬੇ ਕੁਨਾਰ ‘ਚ ਹੋਏ ਹਮਲਿਆਂ ‘ਚ ਘੱਟੋ-ਘੱਟ ਸੱਤ ਜਣੇ ਮਾਰੇ ਗਏ ਅਤੇ 75 ਤੋਂ ਵੱਧ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਯੂਨੀਵਰਸਿਟੀ ਦੇ ਵਿਦਿਆਰਥੀ, ਬੱਚੇ ਅਤੇ ਆਮ ਨਾਗਰਿਕ ਸ਼ਾਮਲ ਹਨ। ਬੀਬੀਸੀ ਦੇ ਮੁਤਾਬਕ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਅਸਦਾਬਾਦ ‘ਚ ਘਰਾਂ ਅਤੇ ਸਈਦ ਜਮਾਲੂਦੀਨ ਅਫਗਾਨੀ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਤਾਲਿਬਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਦੋਸ਼ ਲਗਾਇਆ ਹੈ ਕਿ ਹਮਲੇ ਪਾਕਿਸਤਾਨ ਤੋਂ ਹੋਏ ਸਨ।
ਉਨ੍ਹਾਂ ਕਿਹਾ ਕਿ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਸ਼ੁਰੂ ਹੋਏ ਹਮਲਿਆਂ ਦੌਰਾਨ ਮੋਰਟਾਰ ਅਤੇ ਰਾਕੇਟ ਦਾਗੇ ਗਏ। ਦੂਜੇ ਪਾਸੇ, ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰਾਲੇ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਝੂਠੀਆਂ ਹਨ।
ਇਸ ਤੋਂ ਪਹਿਲਾਂ ਐਤਵਾਰ ਨੂੰ, ਅਫਗਾਨਿਸਤਾਨ ਦੇ ਕੰਧਾਰ ਖੇਤਰ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਹਿੰਸਕ ਝੜੱਪਾਂ ਹੋਈਆਂ। ਝੜੱਪਾਂ ‘ਚ ਛੇ ਪਾਕਿਸਤਾਨੀ ਸੈਨਿਕ ਮਾਰੇ ਗਏ। ਇਹ ਵੀ ਦੱਸਿਆ ਗਿਆ ਸੀ ਕਿ ਇੱਕ ਸੈਨਿਕ ਨੂੰ ਬੰਧਕ ਬਣਾਇਆ ਗਿਆ ਹੈ। ਅੱਧੀ ਰਾਤ ਦੀ ਇਸ ਕਾਰਵਾਈ ‘ਚ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨੀ ਸੈਨਿਕਾਂ ਦੇ ਹਥਿਆਰ ਵੀ ਆਪਣੇ ਨਾਲ ਲੈ ਲਏ।
ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਦੇਰ ਰਾਤ ਸਰਹੱਦ ਪਾਰ ਤੋਂ ਗੋਲੀਬਾਰੀ ਕੀਤੀ, ਜਿਸ ‘ਚ ਇੱਕ ਸਥਾਨਕ ਬੱਚਾ ਮਾਰਿਆ ਗਿਆ। ਇਸ ਤੋਂ ਬਾਅਦ ਤਾਲਿਬਾਨ ਨੇ ਜਵਾਬੀ ਹਮਲਾ ਸ਼ੁਰੂ ਕੀਤਾ।
Read More: FTA: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤਾ ਤੈਅ



