ਲੇਹ , 10 ਅਪ੍ਰੈਲ 2026: Colonel Sonam Wangchuk Passes Away: ਕਾਰਗਿਲ ਜੰਗ ਦੇ ਇੱਕ ਬਹਾਦਰ ਸੈਨਿਕ ਕਰਨਲ ਸੋਨਮ ਵਾਂਗਚੁਕ ਦਾ ਸ਼ੁੱਕਰਵਾਰ ਸਵੇਰੇ ਲੇਹ ‘ਚ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਪੂਰੇ ਲੱਦਾਖ ਖੇਤਰ ਅਤੇ ਦੇਸ਼ ‘ਚ ਸੋਗ ਦੀ ਲਹਿਰ ਹੈ। ਉਹ ਇੱਕ ਬਹਾਦਰ ਫੌਜੀ ਅਧਿਕਾਰੀ ਸਨ, ਜਿਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਅਗਵਾਈ ਨਾਲ ਇਤਿਹਾਸ ਰਚਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਸੋਨਮ ਵਾਂਗਚੁਕ ਨੇ ਆਖਰੀ ਸਾਹ ਲਿਆ। ਮਹਾਵੀਰ ਚੱਕਰ ਨਾਲ ਸਨਮਾਨਿਤ ਕਰਨਲ ਵਾਂਗਚੁਕ ਕਾਰਗਿਲ ਜੰਗ ਦੇ ਸੱਚੇ ਨਾਇਕ ਸਨ। ਉਨ੍ਹਾਂ ਨੇ 1999 ਦੇ ਕਾਰਗਿਲ ਜੰਗ ਦੌਰਾਨ ਲੱਦਾਖ ਸਕਾਊਟਸ ਦੀ ਚੌਥੀ ਬਟਾਲੀਅਨ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਲੱਦਾਖ ਵਿੱਚ “ਅਸਲੀ ਸ਼ੇਰ” ਵਜੋਂ ਜਾਣਿਆ ਜਾਂਦਾ ਸੀ।
ਭਾਰਤੀ ਫੌਜ ਦੇ ਸਾਬਕਾ ਕਮਾਂਡਰ ਕਰਨਲ ਵਾਈ.ਕੇ. ਜੋਸ਼ੀ ਨੇ ਟਵਿੱਟਰ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਕੀਤਾ, “ਕਰਨਲ ਸੋਨਮ ਵਾਂਗਚੁਕ, ਐਮਵੀਸੀ ਦੇ ਅਚਾਨਕ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਆਖਰੀ ਸਾਹ ਲਿਆ। ਇਸ ਬਹਾਦਰ ਸਿਪਾਹੀ ਨੂੰ ਮੇਰੀਆਂ ਦਿਲੋਂ ਸ਼ਰਧਾਂਜਲੀਆਂ। ਮਹਾਂਵੀਰ ਚੱਕਰ ਨਾਲ ਸਨਮਾਨਿਤ ਕਰਨਲ ਵਾਂਗਚੁਕ, ਕਾਰਗਿਲ ਜੰਗ ਦੇ ਸੱਚੇ ਨਾਇਕ ਸਨ।” ਉਨ੍ਹਾਂ ਦੇ ਸਮਰਪਣ, ਬਹਾਦਰੀ ਅਤੇ ਨਿਰਸਵਾਰਥ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਕਰਨਲ ਸੋਨਮ ਵਾਂਗਚੁਕ ਨੇ ਕਾਰਗਿਲ ਜੰਗ ਦੌਰਾਨ ਚੋਰਬਾਟ ਲਾ ਦੱਰੇ ‘ਤੇ ਕਬਜ਼ਾ ਕਰਕੇ ਭਾਰਤ ਨੂੰ ਇੱਕ ਮਹੱਤਵਪੂਰਨ ਰਣਨੀਤਕ ਜਿੱਤ ਦਿਵਾਈ। ਉਨ੍ਹਾਂ ਨੇ ਲੱਦਾਖ ਸਕਾਊਟਸ ਦੀ ਅਗਵਾਈ ਕੀਤੀ ਅਤੇ ਬਹੁਤ ਮੁਸ਼ਕਿਲ ਅਤੇ ਖਤਰਨਾਕ ਮੌਸਮੀ ਹਾਲਾਤਾਂ ‘ਚ ਪਾਕਿਸਤਾਨੀ ਫੌਜਾਂ ਨੂੰ ਪਿੱਛੇ ਧੱਕ ਦਿੱਤਾ। ਉਨ੍ਹਾਂ ਨੇ ਚੋਰਬਾਟ ਲਾ ਵਿਖੇ ਉੱਚ-ਉਚਾਈ ਵਾਲੇ ਦੁਸ਼ਮਣ ਟਿਕਾਣਿਆਂ ‘ਤੇ ਕਬਜ਼ਾ ਕਰ ਲਿਆ, ਜਿਸ ਲਈ ਉਨ੍ਹਾਂ ਨੂੰ ਭਾਰਤ ਦਾ ਦੂਜਾ ਸਭ ਤੋਂ ਉੱਚਾ ਫੌਜੀ ਸਨਮਾਨ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
Read More: ਭਾਜਪਾ ਵੱਲੋਂ ਪੱਛਮੀ ਬੰਗਾਲ ਲਈ ਮੈਨੀਫੈਸਟੋ ਜਾਰੀ, 7ਵੇਂ ਪੇ ਕਮਿਸ਼ਨ ਸਮੇਤ ਕੀਤੇ ਵੱਡੇ ਵਾਅਦੇ




