Pratap Singh Bajwa

ਪ੍ਰਤਾਪ ਬਾਜਵਾ ਨੇ ਊਧਮ ਸਿੰਘ ਤੇ ਠੀਕਰੀਵਾਲਾ ਦੀ ਧਰਤੀ ਦਾ ਅਪਮਾਨ ਕੀਤਾ, ਬਿਨਾਂ ਸ਼ਰਤ ਮੁਆਫ਼ੀ ਮੰਗਣ: ਕੁਲਦੀਪ ਧਾਲੀਵਾਲ

ਚੰਡੀਗੜ੍ਹ, 08 ਅਪ੍ਰੈਲ 2026: ਆਮ ਆਦਮੀ ਪਾਰਟੀ, ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਗਰੂਰ ਦੀ ਧਰਤੀ ਨੂੰ ‘ਸਿਉਂਕ’ ਪੈਦਾ ਕਰਨ ਵਾਲੀ ਧਰਤੀ ਦੱਸਣ ਵਾਲੇ ਬਿਆਨ ਦੀ ਆਲੋਚਨਾ ਕੀਤੀ ਹੈ। ਕੁਲਦੀਪ ਧਾਲੀਵਾਲ ਨੇ ਇਸ ਨੂੰ ਪ੍ਰਤਾਪ ਬਾਜਵਾ ਦੀ ਮਾਨਸਿਕਤਾ ਅਤੇ ਪੰਜਾਬ ਦੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਦਾ ਪ੍ਰਤੀਕ ਕਰਾਰ ਦਿੱਤਾ।

ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਪਹਿਲਾਂ ਸੰਗਰੂਰ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ। ਜਿਸ ਧਰਤੀ ਨੇ ਸ਼ਹੀਦ-ਏ-ਆਜ਼ਮ ਊਧਮ ਸਿੰਘ, ਸੇਵਾ ਸਿੰਘ ਠੀਕਰੀਵਾਲਾ ਵਰਗੇ ਮਹਾਨ ਦੇਸ਼ ਭਗਤ, ਨਾਮਧਾਰੀ ਕੂਕਾ ਲਹਿਰ ਅਤੇ ਰਿਆਸਤੀ ਅੰਦੋਲਨਾਂ ਨੂੰ ਜਨਮ ਦਿੱਤਾ, ਉਸ ਨੂੰ ‘ਸਿਉਂਕ’ ਕਹਿਣਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਉਹ ਜ਼ਿਲ੍ਹਾ ਹੈ, ਜਿਸ ਨੇ ਹਮੇਸ਼ਾ ਇਨਕਲਾਬੀ ਲਹਿਰਾਂ ਦੀ ਅਗਵਾਈ ਕੀਤੀ ਹੈ, ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਜਾਂ ਹਾਲੀਆ ਕਿਸਾਨ ਅੰਦੋਲਨ ਹੋਵੇ।

ਕੁਲਦੀਪ ਸਿੰਘ ਧਾਲੀਵਾਲ ਨੇ ਸਵਾਲ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਜਿਸ ਕਾਂਗਰਸੀ ਆਗੂ ਸੰਤ ਰਾਮ ਸਿੰਗਲਾ ਦੀ ਬਰਸੀ ‘ਤੇ ਬੋਲ ਰਹੇ ਸਨ, ਕੀ ਉਹ ਵੀ ‘ਸਿਉਂਕ’ ਸਨ? ਉਨ੍ਹਾਂ ਕਿਹਾ ਕਿ ਉੱਥੇ ਮੌਜੂਦ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਜ਼ਮੀਰ ਨੇ ਉਨ੍ਹਾਂ ਨੂੰ ਕਿਵੇਂ ਨਹੀਂ ਟੋਕਿਆ ਕਿ ਪ੍ਰਤਾਪ ਸਿੰਘ ਬਾਜਵਾ ਸੰਗਰੂਰ ਦੀ ਧਰਤੀ ਨੂੰ ਕੀ ਕਹਿ ਰਹੇ ਹਨ? ਕੀ ਬਾਜਵਾ ਅਨੁਸਾਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦੇ ਸੁਤੰਤਰਤਾ ਸੈਨਾਨੀ ਪਿਤਾ ਹੀਰਾ ਸਿੰਘ ਭੱਠਲ ਵੀ ‘ਸਿਉਂਕ’ ਸਨ? ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਲੋਕਾਂ ਅਤੇ ਸੰਗਰੂਰ ਦੇ ਨਿਵਾਸੀਆਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਕਾਂਗਰਸ ਦੀ ਆਲੋਚਨਾ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਨੇ ‘ਸਿਉਂਕ’ ਵਾਂਗ 75 ਸਾਲਾਂ ਤੱਕ ਦੇਸ਼ ਅਤੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਉਸ ਪਾਰਟੀ ਦੇ ਆਗੂ ਹਨ, ਜਿਸ ਨੇ ਪੰਜਾਬ ‘ਚ ਐਮਰਜੈਂਸੀ ਲਗਾਈ, ਆਪ੍ਰੇਸ਼ਨ ਬਲੂ ਸਟਾਰ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਰਵਾ ਦਿੱਤਾ। ਕੋਲਾ ਘਪਲੇ ਤੋਂ ਲੈ ਕੇ ਕੈਪਟਨ ਸਰਕਾਰ ਵੇਲੇ ਸਾਧੂ ਸਿੰਘ ਧਰਮਸੋਤ ਅਤੇ ਆਸ਼ੂ ਵਰਗੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੱਕ, ਤੁਹਾਡੀ ਪਾਰਟੀ ਨੇ ਪੰਜਾਬ ਨੂੰ ਕੇਵਲ ਬਰਬਾਦ ਹੀ ਕੀਤਾ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਸਾਧਾਰਨ ਪਾਰਟੀ ਨਹੀਂ,ਪਿਛਲੀ ਵਾਰ 92 ਸੀਟਾਂ ਆਈਆਂ ਸਨ, ਅਗਲੀ ਵਾਰ 100 ਤੋਂ ਪਾਰ ਹੋਣਗੀਆਂ ਕਿਉਂਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਦੀ ‘ਲੁੱਟ ਅਤੇ ਕੁੱਟ’ ਵਾਲੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ।

Read More:  ਮੁੱਖ ਮੰਤਰੀ ਸਿਹਤ ਯੋਜਨਾ’ ਹੇਠ 4 ਮਹੀਨੇ ਦੀ ਦਿਲਜੋਤ ਦਾ ₹2.77 ਲੱਖ ਦਾ ਇਲਾਜ ਕਵਰ: ਡਾ ਬਲਬੀਰ ਸਿੰਘ

ਵਿਦੇਸ਼

Scroll to Top