ਅੰਮ੍ਰਿਤਸਰ, 08 ਅਪ੍ਰੈਲ 2026: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਵਿਅਕਤੀਆਂ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ | ਇਨ੍ਹਾਂ ‘ਚ ਇੱਕ ਨਬਾਲਗ ਸ਼ਾਮਲ ਹੈ | ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਸ ਕਾਰਵਾਈ ਨਾਲ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਪੰਜਾਬ ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ (32 ਸਾਲ), ਜੋਬਨਬੀਰ ਸਿੰਘ ਉਰਫ਼ ਜੋਬਨ (23 ਸਾਲ), ਦੋਵੇਂ ਵਾਸੀ ਪਿੰਡ ਲੱਧੇਵਾਲ, ਅੰਮ੍ਰਿਤਸਰ; ਪਿੰਡ ਭੂਸੇ, ਤਰਨ ਤਾਰਨ ਦੇ ਵਸਨੀਕ ਲਵਪ੍ਰੀਤ ਸਿੰਘ ਅਤੇ ਇੱਕ 16 ਸਾਲਾ ਨਾਬਾਲਗ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਬਰਾਮਦ ਕੀਤੇ ਪਿਸਤੌਲਾਂ ‘ਚ ਦੋ .30 ਬੋਰ ਪੀਐਕਸ 5 ਸਟੌਰਮ, ਇਟਲੀ ਦੇ ਬਣੇ ਦੋ .30 ਬੋਰ ਪਿਸਤੌਲ, ਇੱਕ .30 ਬੋਰ ਚੀਨੀ ਪਿਸਤੌਲ, ਆਸਟਰੀਆ ਦਾ ਬਣਿਆ ਇੱਕ .30 ਬੋਰ ਅਤੇ ਇੱਕ 9 ਐਮਐਮ ਪਿਸੌਤਲ ਅਤੇ 12 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ |
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ‘ਚ ਸਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਹਥਿਆਰਾਂ ਦੀ ਖੇਪ ਅਟਾਰੀ ਸੈਕਟਰ ‘ਚ ਪਿੰਡ ਭੈਣੀ ਅਤੇ ਨੇਸ਼ਟਾ ਖੇਤਰ ਨੇੜੇ ਡਰੋਨ ਰਾਹੀਂ ਭੇਜੀ ਜਾ ਰਹੀ ਸੀ। ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਅੱਗੇ ਆਪਣੇ ਸਥਾਨਕ ਕਾਰਕੁਨਾਂ ਨੂੰ ਸਪਲਾਈ ਕਰਦੇ ਸਨ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸਬੰਧੀ ਕਿਹਾ ਕਿ ਗੁਰਵਿੰਦਰ ਉਰਫ਼ ਗਿੰਦਰ, ਜੋਬਨਬੀਰ ਉਰਫ਼ ਜੋਬਨ ਅਤੇ ਲਵਪ੍ਰੀਤ ਉਰਫ਼ ਲਵ ਨੂੰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਚੌਥਾ ਸਾਥੀ ਮੌਕੇ ਤੋਂ ਭੱਜਣ ‘ਚ ਕਾਮਯਾਬ ਰਿਹਾ, ਜਿਸ ਉਪਰੰਤ ਪੁਲਿਸ ਟੀਮਾਂ ਨੇ ਅਗਲੇ ਦਿਨ ਉਕਤ ਨਾਬਾਲਗ ਮੁਲਜ਼ਮ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਵਿੰਦਰ ਉਰਫ਼ ਗਿੰਦਰ ਅਤੇ ਲਵਪ੍ਰੀਤ ਉਰਫ਼ ਲਵ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਨਾਬਾਲਗ ਮੁਲਜ਼ਮ ਖਿਲਾਫ਼ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਤਹਿਤ ਪਹਿਲਾਂ ਵੀ ਇੱਕ ਅਪਰਾਧਕ ਮਾਮਲ ਦਰਜ ਹੈ, ਜਿਸ ‘ਚ ਉਸ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਸਨ।
Read More: ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਅਕਤੀ ਕੋਲੋਂ 964 ਗ੍ਰਾਮ ਗਾਂਜਾ ਬਰਾਮਦ




