ਦਿੱਲੀ, 08 ਅਪ੍ਰੈਲ 2026: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਐਲਾਨ ਨੇ ਇੱਕ ਕੂਟਨੀਤਕ ਹੱਲ ਦਾ ਰਸਤਾ ਪੇਸ਼ ਕੀਤਾ ਹੈ। ਭਾਰਤ ਨੇ ਵੀ ਇਸ ਜੰਗਬੰਦੀ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ‘ਚ ਜੰਗਬੰਦੀ ਦਾ ਸਵਾਗਤ ਕੀਤਾ ਗਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, “ਅਸੀਂ ਇਸ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਪੱਛਮੀ ਏਸ਼ੀਆ ‘ਚ ਸਥਾਈ ਸ਼ਾਂਤੀ ਵੱਲ ਲੈ ਜਾਵੇਗਾ। ਜਿਵੇਂ ਕਿ ਅਸੀਂ ਪਹਿਲਾਂ ਕਈ ਵਾਰ ਕਿਹਾ ਹੈ, ਮੌਜੂਦਾ ਟਕਰਾਅ ਨੂੰ ਛੇਤੀ ਖਤਮ ਕਰਨ ਲਈ ਡੀ-ਐਸਕੇਲੇਸ਼ਨ, ਗੱਲਬਾਤ ਅਤੇ ਕੂਟਨੀਤੀ ਜ਼ਰੂਰੀ ਹੈ।”
ਭਾਰਤ ਦਾ ਕਹਿਣਾ ਹੈ ਕਿ ਇਸ ਟਕਰਾਅ ਨੇ ਲੋਕਾਂ ਨੂੰ ਬਹੁਤ ਦੁੱਖ ਪਹੁੰਚਾਇਆ ਹੈ ਅਤੇ ਵਿਸ਼ਵਵਿਆਪੀ ਊਰਜਾ ਸਪਲਾਈ ਅਤੇ ਵਪਾਰਕ ਨੈੱਟਵਰਕਾਂ ‘ਚ ਵਿਘਨ ਪਾਇਆ ਹੈ। ਸਾਨੂੰ ਉਮੀਦ ਹੈ ਕਿ ਹਰਮੁਜ਼ ਜਲਡਮਰੂ ਰਾਹੀਂ ਨਿਰਵਿਘਨ ਨੇਵੀਗੇਸ਼ਨ ਅਤੇ ਵਿਸ਼ਵਵਿਆਪੀ ਵਪਾਰ ਦਾ ਪ੍ਰਵਾਹ ਜਾਰੀ ਰਹੇਗਾ।” ਜਿਕਰਯੋਗ ਹੈ ਕਿ ਈਰਾਨ-ਪੱਛਮੀ ਏਸ਼ੀਆ ਯੁੱਧ, ਜੋ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ, ਨੇ ਵਿਸ਼ਵਵਿਆਪੀ ਊਰਜਾ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਤਹਿਰਾਨ ‘ਚ ਭਾਰਤੀ ਦੂਤਾਵਾਸ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। 7 ਅਪ੍ਰੈਲ ਨੂੰ ਜਾਰੀ ਕੀਤੀ ਪਿਛਲੀ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਸੀ। ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਈਰਾਨ ਤੋਂ ਸਿਰਫ਼ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਸੁਰੱਖਿਅਤ ਰਸਤਿਆਂ ਰਾਹੀਂ ਹੀ ਬਾਹਰ ਨਿਕਲਣ।
ਦੂਤਾਵਾਸ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਕੋਈ ਵੀ ਭਾਰਤੀ ਨਾਗਰਿਕ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਕਿਸੇ ਵੀ ਅੰਤਰਰਾਸ਼ਟਰੀ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕਰੇ। ਕਿਸੇ ਵੀ ਸਰਹੱਦ ਪਾਰ ਕਰਨ ਤੋਂ ਪਹਿਲਾਂ ਦੂਤਾਵਾਸ ਨਾਲ ਤਾਲਮੇਲ ਕਰਨਾ ਲਾਜ਼ਮੀ ਹੈ।
Read More: ਜੰਗਬੰਦੀ ਤੋਂ ਬਾਅਦ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਨੂੰ ਤੁਰੰਤ ਇਰਾਨ ਛੱਡਣ ਦੀ ਸਲਾਹ




