Sanjeev Arora news

ਪੰਜਾਬ ਨੂੰ ਊਨੀ ਤੇ ਫੈਂਸੀ ਧਾਗੇ ਦੇ ਕਾਰੋਬਾਰ ‘ਚ 750 ਕਰੋੜ ਰੁਪਏ ਦਾ ਹੋਇਆ ਨਿਵੇਸ਼: ਸੰਜੀਵ ਅਰੋੜਾ

ਚੰਡੀਗੜ੍ਹ 2 ਮਾਰਚ 2026: ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਇਸ ਤਹਿਤ ਊਨੀ ਅਤੇ ਫੈਂਸੀ ਧਾਗੇ ਦੀ ਮੋਹਰੀ ਨਿਰਮਾਤਾ ਗੰਗਾ ਐਕਰੋਵੂਲਜ਼ ਲਿਮਟਿਡ ਨੇ ਪੰਜਾਬ ‘ਚ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ।

ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਗੰਗਾ ਐਕਰੋਵੂਲਜ਼ ਲਿਮਟਿਡ 60 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਬਰਾਮਦ ਕਰਦੀ ਹੈ ਅਤੇ ਮੌਜੂਦਾ ਸਮੇਂ ਕੰਪਨੀ ‘ਚ 5600 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਇਸ ਕੰਪਨੀ ਦਾ ਸਾਲਾਨਾ ਟਰਨਓਵਰ 850 ਕਰੋੜ ਰੁਪਏ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਕੰਪਨੀ ਨੇ ਪਿਛਲੇ 4 ਤੋਂ 5 ਸਾਲਾਂ ‘ਚ 3000 ਤੋਂ ਵੱਧ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ ਅਤੇ 1998 ਤੋਂ ਹਰ ਉਦਯੋਗਿਕ ਨੀਤੀ ਤਹਿਤ ਪੰਜਾਬ ‘ਚ ਨਿਰੰਤਰ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੰਪਨੀ ਆਪਣੇ ਤਾਜ਼ਾ ਨਿਵੇਸ਼ ਰਾਹੀਂ ਰੋਜ਼ਗਾਰ ਦੇ 1500 ਤੋਂ ਵੱਧ ਨਵੇਂ ਮੌਕੇ ਵੀ ਪੈਦਾ ਕਰੇਗੀ।

ਨਵੇਂ ਪ੍ਰੋਜੈਕਟ ਬਾਰੇ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀ ਹੁਣ ਪੰਜਾਬ ‘ਚ 690 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ‘ਚੋਂ 53 ਕਰੋੜ ਰੁਪਏ ਪਰਾਲੀ ਆਧਾਰਿਤ ਬਾਇਲਰ ਅਤੇ ਟਰਬਾਈਨ ਲਈ ਨਿਵੇਸ਼ ਕੀਤੇ ਜਾ ਰਹੇ ਹਨ। ਇਸ ਨਾਲ ਪ੍ਰਤੀ ਸਾਲ ਲਗਭੱਗ 120000 ਟਨ ਪਰਾਲੀ (10000 ਟਨ ਪ੍ਰਤੀ ਮਹੀਨਾ) ਦੀ ਖਪਤ ਹੋਵੇਗੀ, ਜੋ ਲਗਭੱਗ 20/25 ਕਿਲੋਮੀਟਰ ਦਾਇਰੇ ਅੰਦਰ ਪੈਂਦੇ ਖੇਤਾਂ ‘ਚ ਪਰਾਲੀ ਸਾੜਨ ਤੋਂ ਮੁਕਤ ਕਰਨ ‘ਚ ਸਹਾਈ ਹੋਵੇਗਾ।

ਗੰਗਾ ਐਕਰੋਵੂਲਜ਼ ਲਿਮਟਿਡ ਦੇ ਪ੍ਰਧਾਨ ਅਮਿਤ ਥਾਪਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੰਗਾ ਐਕਰੋਵੂਲਜ਼ ਲਿਮਟਿਡ ਨੇ ਪਿਛਲੇ ਨਿਵੇਸ਼ਕ ਸੰਮੇਲਨ ‘ਚ 301 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਜ਼ਗਾਰ ਉਦਯੋਗਿਕ ਮਾਹੌਲ, ਕਾਰੋਬਾਰ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ‘ਚ ਬਦਲਾਅ ਅਤੇ ਕਾਰੋਬਾਰ ਕਰਨ ਲਈ ਲਾਗਤ ਖ਼ਰਚਿਆਂ ‘ਚ ਕਟੌਤੀ ਦੇ ਚਲਦਿਆਂ ਅਸੀਂ ਆਪਣੀ ਨਿਵੇਸ਼ ਰਾਸ਼ੀ ਨੂੰ ਸੋਧ ਕੇ 690 ਕਰੋੜ ਰੁਪਏ ਕਰ ਦਿੱਤਾ ਸੀ ਅਤੇ ਹੁਣ ਅਸੀਂ ਇਸਨੂੰ ਵਧਾ ਕੇ ਕਰੀਬ 750 ਕਰੋੜ ਕਰਨ ਜਾ ਰਹੇ ਹਾਂ। ਇਸ ‘ਚੋਂ 400 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਬਾਕੀ ਨਿਵੇਸ਼ ਅਗਲੇ 24 ਮਹੀਨਿਆਂ ‘ਚ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਵਿਸਥਾਰ ਨਾਲ ਹੁਣ ਬੁਣਾਈ, ਕਾਰਪੇਟ ਅਤੇ ਤਕਨੀਕੀ ਟੈਕਸਟਾਈਲ ਦੇ ਵੱਖ-ਵੱਖ ਹਿੱਸਿਆਂ (ਸੈਗਮੈਂਟਸ) ਲਈ ਧਾਗੇ ਬਣਾਏ ਜਾਣਗੇ। ਇਸ ਨਾਲ ਹੀ ਵਾਧੂ ਰੋਜ਼ਗਾਰ ਪੈਦਾ ਹੋਣ ਦੇ ਨਾਲ-ਨਾਲ ਸਥਾਨਕ ਮੁੱਲ ਲੜੀ, ਐਮ.ਐਸ.ਐਮ.ਈ. ਅਤੇ ਸਹਾਇਕ ਇਕਾਈਆਂ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਖੇਤਰ ‘ਚ ਆਰਥਿਕਤਾ ਨੂੰ ਬਲ ਮਿਲੇਗਾ।

Read More: ਇਸ ਸਾਲ ਗ੍ਰੀਨ ਹੋਲਾ ਮਹੱਲਾ ਮਨਾਇਆ ਜਾਵੇਗਾ, ਸਿੰਗਲ-ਯੂਜ਼ ਪਲਾਸਟਿਕ ‘ਤੇ ਪਾਬੰਦੀ: ਹਰਜੋਤ ਸਿੰਘ ਬੈਂਸ

ਵਿਦੇਸ਼

Scroll to Top