Amritsar police

ਅੰਮ੍ਰਿਤਸਰ ‘ਚ ਫੌਜੀ ਜਵਾਨ ਸਮੇਤ 7 ਜਣੇ ਗ੍ਰਿਫ਼ਤਾਰ, 14 ਪਿਸਤੌਲਾਂ ਤੇ 20 ਕਿੱਲੋ ਹੈਰੋਇਨ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 27 ਅਕਤੂਬਰ 2026: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 14 ਅਤਿ-ਆਧੁਨਿਕ ਪਿਸਤੌਲਾਂ ਅਤੇ 20.130 ਕਿਲੋ ਹੈਰੋਇਨ ਨਾਲ ਫੌਜੀ ਜਵਾਨ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਕਰਨ ਵਾਲੇ ਚਾਰ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਉਦੈ (19 ਸਾਲ) ਅਤੇ ਪਤਰਸ (19 ਸਾਲ) ਦੋਵੇਂ ਵਾਸੀ ਮਸਤਗੜ੍ਹ, ਤਰਨ ਤਾਰਨ, ਫ਼ੌਜੀ ਜਵਾਨ ਯੁੱਧਵੀਰ ਸਿੰਘ (22 ਸਾਲ) ਵਾਸੀ ਪਿੰਡ ਰਾਣੀਕੇ; ਸਾਜਨ ਸਿੰਘ (19 ਸਾਲ) ਅਤੇ ਸਾਹਿਲਪ੍ਰੀਤ (20 ਸਾਲ) ਦੋਵੇਂ ਵਾਸੀ ਨਾਰਾਇਣਗੜ੍ਹ; ਜਰਮਨਜੋਤ ਸਿੰਘ (20 ਸਾਲ) ਵਾਸੀ ਪਿੰਡ ਸਿਆਲਕਾ ਅਤੇ ਸਾਹਿਬਨੂਰ ਸਿੰਘ (21 ਸਾਲ) ਵਾਸੀ ਜੁਝਾਰ ਸਿੰਘ ਨਗਰ, ਬਟਾਲਾ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ‘ਚ ਬੈਠੇ ਹੈਂਡਲਰ ਦੇ ਸੰਪਰਕ ‘ਚ ਸਨ, ਜੋ ਸੰਗਠਿਤ ਨੈੱਟਵਰਕ ਰਾਹੀਂ ਅਪਰਾਧਿਕ ਅਨਸਰਾਂ ਨੂੰ ਅੱਗੇ ਸਪਲਾਈ ਲਈ ਗ਼ੈਰ-ਕਾਨੂੰਨੀ ਹਥਿਆਰਾਂ ਦੀ ਖੇਪ ਭੇਜਣ ‘ਚ ਮੱਦਦ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਆਪ੍ਰੇਸ਼ਨ ‘ਚ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪੁਖ਼ਤਾ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਉਦੈ ਅਤੇ ਪਤਰਸ ਨੂੰ ਉਸ ਵੇਲੇ ਕਾਬੂ ਕੀਤਾ, ਜਦੋਂ ਉਹ ਡਰੋਨ ਰਾਹੀਂ ਭੇਜੀ 10 ਪਿਸਤੌਲਾਂ ਦੀ ਖੇਪ, ਜਿਸ ‘ਚ ਇੱਕ 9 ਐਮਐਮ ਅਤੇ ਨੌਂ .30 ਬੋਰ ਪਿਸਤੌਲ ਸ਼ਾਮਲ ਸਨ, ਇਸ ਨੂੰ ਪ੍ਰਾਪਤ ਕਰਕੇ ਖੇਮਕਰਨ ਵੱਲ ਜਾ ਰਹੇ ਸਨ। ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਮੁਲਜ਼ਮ ਇਸ ਤੋਂ ਪਹਿਲਾਂ ਵੀ ਹਥਿਆਰਾਂ ਦੀਆਂ ਘੱਟੋ-ਘੱਟ 20-25 ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰ ਚੁੱਕੇ ਹਨ।

ਆਈਜੀਪੀ ਨੇ ਦੱਸਿਆ ਕਿ ਦੂਜੇ ਆਪ੍ਰੇਸ਼ਨ ‘ਚ ਸੀਆਈਏ ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਘਰਿੰਡਾ ਦੇ ਐਸਐਚਓ ਦੀ ਸਾਂਝੀ ਟੀਮ ਨੇ ਛੁੱਟੀ ‘ਤੇ ਘਰ ਆਏ ਇੱਕ ਫ਼ੌਜੀ ਜਵਾਨ ਯੁੱਧਵੀਰ ਸਿੰਘ ਨੂੰ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਯੁੱਧਵੀਰ ਸਿੰਘ ਨੂੰ ਪਹਿਲਾਂ ਵੀ ਅਸਲਾ ਐਕਟ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਹੱਦ ਪਾਰੋਂ ਤਸਕਰੀ ‘ਚ ਉਸ ਦੀ ਸ਼ਮੂਲੀਅਤ ਬਾਰੇ ਇੱਕ ਵਿਸਥਾਰਤ ਰਿਪੋਰਟ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।

ਤੀਜੇ ਆਪ੍ਰੇਸ਼ਨ ਦਾ ਵੇਰਵਾ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਭਰੋਸੇਯੋਗ ਇਤਲਾਹ ‘ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੀਆਂ ਟੀਮਾਂ ਨੇ 20.130 ਕਿਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਸਾਜਨ ਸਿੰਘ ਅਤੇ ਸਾਹਿਲਪ੍ਰੀਤ ਨੂੰ ਕਾਬੂ ਕੀਤਾ।

ਪੁਲਿਸ ਮੁਤਾਬਕ, ਚੌਥੇ ਆਪ੍ਰੇਸ਼ਨ ‘ਚ ਐਸਐਸਪੀ ਨੇ ਦੱਸਿਆ ਕਿ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਕੱਥੂ ਨੰਗਲ ਦੇ ਐਸਐਚਓ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਦੋ ਪਿਸਤੌਲਾਂ ਸਮੇਤ ਜਰਮਨਜੋਤ ਸਿੰਘ ਅਤੇ ਸਾਹਿਬਨੂਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਕੁੱਲ ਚਾਰ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚ ਪਹਿਲਾਂ ਅਤੇ ਦੂਜਾ ਮਾਮਲਾ ਮਿਤੀ 26.10.2026 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 458 ਅਤੇ 459 ਅਧੀਨ ਥਾਣਾ ਘਰਿੰਡਾ ਵਿਖੇ, ਤੀਜਾ ਮਾਮਲਾ ਮਿਤੀ 27 ਅਕਤੂਬਰ 2026 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਤਹਿਤ ਐਫ.ਆਈ.ਆਰ. ਨੰਬਰ 460 ਅਧੀਨ ਥਾਣਾ ਘਰਿੰਡਾ ਵਿਖੇ ਅਤੇ ਚੌਥਾ ਮਾਮਲਾ ਮਿਤੀ 23 ਅਕਤੂਬਰ 2026 ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰਬਰ 191 ਅਧੀਨ ਥਾਣਾ ਕੱਥੂ ਨੰਗਲ ਵਿਖੇ ਦਰਜ ਕੀਤਾ ਹੈ।

Read More: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ‘ਚ ਕੱਢਿਆ ਵਿਸ਼ਾਲ ਨਗਰ ਕੀਰਤਨ

ਵਿਦੇਸ਼

Scroll to Top