ਅਸਾਮ, 16 ਫਰਵਰੀ 2026: ਅਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਆਗੂ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਭੂਪੇਨ ਬੋਰਾ ਪਾਰਟੀ ਛੱਡ ਗਏ ਹਨ। ਉਨ੍ਹਾਂ ਨੇ ਪਾਰਟੀ ਦੇ ਅੰਦਰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ‘ਚ ਮੁੱਢਲੀ ਮੈਂਬਰਸ਼ਿਪ ਵੀ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਬੋਰਾ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜਿਆ ਹੈ। ਪੱਤਰ ‘ਚ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ‘ਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸੂਬਾ ਇਕਾਈ ‘ਚ ਢੁਕਵਾਂ ਸਥਾਨ ਨਾ ਦੇਣ ਦਾ ਦੋਸ਼ ਲਗਾਇਆ।
ਮੀਡੀਆ ਨਾਲ ਗੱਲ ਕਰਦੇ ਹੋਏ ਕਿ ਭੂਪੇਨ ਬੋਰਾ ਨੇ ਕਿਹਾ, “ਮੈਂ ਅੱਜ ਸਵੇਰੇ 8 ਵਜੇ ਕਾਂਗਰਸ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਅਤੇ ਵਿਸਥਾਰ ‘ਚ ਦੱਸਿਆ ਕਿ ਮੈਨੂੰ ਇਹ ਕਦਮ ਚੁੱਕਣ ਲਈ ਕਿਉਂ ਮਜਬੂਰ ਕੀਤਾ।” ਉਨ੍ਹਾਂ ਨੇ ਕਿਹਾ ਕਿ “ਇਹ ਕੋਈ ਨਿੱਜੀ ਫੈਸਲਾ ਨਹੀਂ ਹੈ। ਮੈਂ ਪਾਰਟੀ ਨੂੰ 32 ਸਾਲ ਦਿੱਤੇ ਹਨ। ਮੈਂ 1994 ‘ਚ ਪਾਰਟੀ ‘ਚ ਸ਼ਾਮਲ ਹੋਇਆ ਸੀ। ਇਹ ਸਿਧਾਂਤ ਸਿਰਫ਼ ਨਿੱਜੀ ਨਹੀਂ ਹੈ, ਇਹ ਪਾਰਟੀ ਦੇ ਭਵਿੱਖ ਦੀ ਚਿੰਤਾ ਤੋਂ ਪ੍ਰੇਰਿਤ ਹੈ। ਇਸ ਲਈ ਮੈਂ ਕਾਂਗਰਸ ਹਾਈ ਕਮਾਂਡ ਨੂੰ ਸਭ ਕੁਝ ਵਿਸਥਾਰ ‘ਚ ਦੱਸਿਆ ਹੈ।”
ਜਦੋਂ ਭੁਪੇਨ ਬੋਰਾ ਤੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਨੂੰ ਆਪਣੇ ਅਸਤੀਫ਼ੇ ਦੇ ਕਾਰਨਾਂ ਬਾਰੇ ਵਿਸਥਾਰ ‘ਚ ਦੱਸਣ ਦੀ ਲੋੜ ਨਹੀਂ ਲੱਗਦੀ।” ਮੈਂ ਯਕੀਨੀ ਤੌਰ ‘ਤੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਦੋਂ ਮੈਨੂੰ ਜ਼ਰੂਰੀ ਲੱਗੇਗਾ ਤਾਂ ਮੈਂ ਇਸ ਬਾਰੇ ਵਿਸਥਾਰ ‘ਚ ਦੱਸਾਂਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਈ ਹੋਰ ਪਾਰਟੀ ਆਗੂਆਂ ਦੇ ਫੋਨ ਆਏ ਹਨ। ਕਿਸੇ ਹੋਰ ਪਾਰਟੀ ‘ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ, “ਮੁੱਖ ਮੰਤਰੀ ਨੇ ਪਹਿਲਾਂ ਵੀ ਕਈ ਵਾਰ ਇਸ (ਭਾਜਪਾ ‘ਚ ਸ਼ਾਮਲ ਹੋਣ) ਦਾ ਜ਼ਿਕਰ ਕੀਤਾ ਹੈ। ਦੋ ਜਾਂ ਤਿੰਨ ਪਾਰਟੀਆਂ ਨੇ ਮੈਨੂੰ ਫ਼ੋਨ ਕੀਤਾ ਹੈ। ਕਾਂਗਰਸ ਹਾਈਕਮਾਂਡ ਨੇ ਵੀ ਮੇਰੇ ਨਾਲ ਗੱਲ ਕੀਤੀ ਹੈ।”
Read More: ਮੁੱਖ ਸਕੱਤਰ ਨੇ ਸਰਜਰੀ ਤੋਂ 24 ਦਿਨਾਂ ਬਾਅਦ ਨਿਯਮਤ ਕੰਮ ਕੀਤਾ ਸ਼ੁਰੂ




