ਰਾਜਸਥਾਨ, 16 ਫਰਵਰੀ 2026: ਰਾਜਸਥਾਨ ਦੇ ਭਿਵਾੜੀ ‘ਚ ਇੱਕ ਕੈਮੀਕਲ-ਪਟਾਕਿਆਂ ਦੀ ਫੈਕਟਰੀ ‘ਚ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਅੱਠ ਜਣਿਆਂ ਦੇ ਜ਼ਿੰਦਾ ਸੜਨ ਦੀ ਖ਼ਬਰ ਹੈ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਸਮੇਂ ਫੈਕਟਰੀ ‘ਚ ਲਗਭੱਗ 25 ਮਜ਼ਦੂਰ ਕੰਮ ਕਰ ਰਹੇ ਸਨ। ਇਹ ਹਾਦਸਾ ਸੋਮਵਾਰ ਸਵੇਰੇ 9:30 ਵਜੇ ਦੇ ਕਰੀਬ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ‘ਚ ਵਾਪਰਿਆ। ਏਡੀਐਮ ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਨੂੰ ਗਸ਼ਤ ਦੌਰਾਨ ਇਸ ਘਟਨਾ ਦਾ ਪਤਾ ਲੱਗਿਆ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ।
ਜਾਣਕਾਰੀ ਮੁਤਾਬਕ ਫੈਕਟਰੀ ਮਾਲਕ ਰਾਜੇਂਦਰ ਹੈ। ਰਸਾਇਣਾਂ ਦੇ ਨਾਲ-ਨਾਲ, ਪਟਾਕੇ ਵੀ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਸਨ। ਖੁਸ਼ਖੇੜਾ ਅਤੇ ਭਿਵਾੜੀ ਰਿਕੋ ਫਾਇਰ ਸਟੇਸ਼ਨਾਂ ਤੋਂ ਫਾਇਰ ਇੰਜਣ ਮੌਕੇ ‘ਤੇ ਪਹੁੰਚੇ। ਲਗਭਗ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਸਨ, ਜਿਸ ਕਾਰਨ ਸਿਰਫ਼ ਕਈਆਂ ਦੇ ਪਿੰਜਰ ਬਚੇ ਸਨ। ਸਰੀਰ ਦੇ ਅੰਗਾਂ ਦੇ ਟੁਕੜੇ ਖਿੰਡੇ ਹੋਏ ਮਿਲੇ ਸਨ। ਬਚਾਅ ਟੀਮ ਨੇ ਇਨ੍ਹਾਂ ਟੁਕੜਿਆਂ ਨੂੰ ਪੋਲੀਥੀਨ ਬੈਗਾਂ ‘ਚ ਇਕੱਠਾ ਕੀਤਾ।
ਕੁਲੈਕਟਰ ਆਰਤਿਕਾ ਸ਼ੁਕਲਾ ਦੁਪਹਿਰ 12:30 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪਹੁੰਚੀ। ਉਨ੍ਹਾਂ ਕਿਹਾ, “ਇਹ ਛੋਟਾ ਵਿਸਫੋਟਕ ਪਦਾਰਥ ਜਾਪਦਾ ਹੈ। ਕੋਈ ਗੈਸ ਲੀਕ ਨਹੀਂ ਹੋਈ। ਪੰਜ ਮ੍ਰਿਤਕਾਂ ਬਾਰੇ ਜਾਣਕਾਰੀ ਮਿਲੀ ਹੈ। ਉਹ ਬਿਹਾਰ ਦੇ ਮੋਤੀਹਾਰੀ ਦੇ ਵਸਨੀਕ ਸਨ। ਉਨ੍ਹਾਂ ਦੇ ਨਾਮ ਅਤੇ ਹੋਰ ਜਾਣਕਾਰੀ ਰਿਕਾਰਡ ਤੋਂ ਇਕੱਠੀ ਕੀਤੀ ਜਾ ਰਹੀ ਹੈ।”
Read More: ਪੁਲਿਸ ਨੇ ਰੋਹਿਤ ਸ਼ੈੱਟੀ ਦੇ ਘਰ ‘ਤੇ ਗੋ.ਲੀ.ਬਾ.ਰੀ ਕਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ




