ਹਰਿਆਣਾ, 05 ਫਰਵਰੀ 2026: ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸ਼ੁੱਕਰਵਾਰ, 20 ਫਰਵਰੀ, 2026 ਨੂੰ ਸਵੇਰੇ 11:00 ਵਜੇ ਹਰਿਆਣਾ ਵਿਧਾਨ ਸਭਾ ਭਵਨ, ਚੰਡੀਗੜ੍ਹ ਵਿਖੇ ਸ਼ੁਰੂ ਹੋਵੇਗਾ।ਹਰਿਆਣਾ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੈਸ਼ਨ ਹਰਿਆਣਾ ਦੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।
ਕੈਬਨਿਟ ਮੰਤਰੀਆਂ ਕ੍ਰਿਸ਼ਨ ਲਾਲ ਪੰਵਾਰ ਅਤੇ ਰਣਬੀਰ ਗੰਗਵਾ ਦੇ ਮੁਤਾਬਕ ਬਜਟ ਸੈਸ਼ਨ 20 ਫਰਵਰੀ ਨੂੰ ਸ਼ੁਰੂ ਹੋਵੇਗਾ ਅਤੇ 18 ਮਾਰਚ ਤੱਕ ਜਾਰੀ ਰਹੇਗਾ। ਇਸ ਸੈਸ਼ਨ ‘ਚ ਸਰਕਾਰੀ ਤਰਜੀਹਾਂ, ਵਿਕਾਸ ਯੋਜਨਾਵਾਂ, ਕਿਸਾਨਾਂ, ਨੌਜਵਾਨਾਂ, ਕਰਮਚਾਰੀਆਂ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮੁੱਖ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਵੱਖ-ਵੱਖ ਜਨਤਕ ਹਿੱਤ ਮੁੱਦਿਆਂ ‘ਤੇ ਸਰਕਾਰ ਨੂੰ ਘੇਰ ਸਕਦੀ ਹੈ। ਬਜਟ ਸੈਸ਼ਨ ਨੂੰ ਰਾਜ ਦੇ ਆਰਥਿਕ ਅਤੇ ਨੀਤੀਗਤ ਫੈਸਲਿਆਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਸੰਬੰਧੀ ਕਈ ਮੁੱਖ ਨੁਕਤੇ ਸਾਹਮਣੇ ਆਏ ਹਨ, ਜੋ ਇਸਨੂੰ ਵਿਸ਼ੇਸ਼ ਬਣਾਉਂਦੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿੱਤ ਮੰਤਰੀ ਵਜੋਂ ਸਾਲ 2026-27 ਲਈ ਆਪਣਾ ਦੂਜਾ ਬਜਟ ਪੇਸ਼ ਕਰਨਗੇ। ਪਿਛਲਾ ਬਜਟ ਲਗਭੱਗ ₹2.05 ਲੱਖ ਕਰੋੜ ਸੀ, ਜਦੋਂ ਕਿ ਇਸ ਵਾਰ ਬਜਟ ਲਗਭੱਗ ₹2.25 ਲੱਖ ਕਰੋੜ ਤੱਕ ਵਧਣ ਦੀ ਉਮੀਦ ਹੈ। ਪਿਛਲੇ ਬਜਟ ਵਿੱਚ ਲਾਡੋ ਲਕਸ਼ਮੀ ਯੋਜਨਾ ਲਈ ₹5,000 ਕਰੋੜ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਨੂੰ ਇਸ ਵਾਰ ਵਧਾਉਣ ਦੀ ਉਮੀਦ ਹੈ।
Read More: ‘ਵਿਕਸਿਤ ਭਾਰਤ-2047’ ਦੇ ਅਸਲ ਨਿਰਮਾਤਾ ਨੌਜਵਾਨ ਹਨ: CM ਨਾਇਬ ਸਿੰਘ ਸੈਣੀ




