ਚੰਡੀਗੜ੍ਹ, 08 ਜਨਵਰੀ 2026: ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਗਬਾਨੀ ਵਿਭਾਗ ਜੋ ਕਿ ਏ.ਆਈ.ਐਫ ਸਕੀਮ ਨੂੰ ਲਾਗੂ ਕਰਨ ਲਈ ਸਟੇਟ ਨੋਡਲ ਏਜੰਸੀ ਹੈ | ਜਿਸ ਨੇ ਆਪਣੇ ਨਿਰੰਤਰ ਯਤਨਾਂ ਸਦਕਾ ਪੰਜਾਬ ਦੀ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਲਈ ਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (AIF) ਯੋਜਨਾ ਅਧੀਨ ਪ੍ਰੋਜੈਕਟਾਂ ਨੂੰ ਵਧੀਆ ਢੰਗ ਨਾਲ ਲਾਗੂਕਰਨ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਲਈ ਪੰਜਾਬ ਨੂੰ ਦੋ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ।
ਇਸ ਸਬੰਧੀ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਖੇਤਰੀ ਕਾਨਫਰੰਸ ਦੌਰਾਨ ਪੰਜਾਬ ਨੂੰ ‘ਬੈਸਟ ਪਰਫਾਰਮਿੰਗ ਸਟੇਟ’ ਅਤੇ ‘ਬੈਸਟ ਸਟੇਟ ਪ੍ਰੋਜੈਕਟ ਮੋਨੀਟੀਰਿੰਗ ਯੂਨਿਟ’ ਵੱਜੋਂ ਪੁਰਸਕਾਰ ਮਿਲੇ ਹਨ |
ਮੋਹਿੰਦਰ ਭਗਤ ਦੇ ਮੁਤਾਬਕ 31 ਦਸੰਬਰ, 2025 ਤੱਕ ਪੰਜਾਬ ‘ਚ ਕੁੱਲ 31,076 ਪ੍ਰੋਜੈਕਟਾਂ ਨੂੰ ਏ.ਆਈ.ਐਫ ਸਕੀਮ ਤਹਿਤ ਮਨਜ਼ੂਰੀ ਦਿੱਤੀ ਹੈ, ਇਨ੍ਹਾਂ ‘ਚ ₹11,270 ਕਰੋੜ ਦਾ ਨਿਵੇਸ਼ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਵੱਖ ਵੱਖ ਬੈਂਕਾਂ ਵੱਲੋਂ ₹7,221 ਕਰੋੜ ਦੇ ਕਰਜ਼ੇ ਵੀ ਮਨਜ਼ੂਰ ਕੀਤੇ ਹਨ। ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਕੀਮ ਦੇ ਲਾਭਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 7 ਸਾਲਾਂ ਦੀ ਮਿਆਦ ਲਈ ₹2 ਕਰੋੜ ਤੱਕ ਦੇ ਕਰਜ਼ਿਆਂ ‘ਤੇ 3 ਫੀਸਦੀ ਵਿਆਜ ‘ਤੇ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਕਰਜ਼ਿਆ ਦੀ ਵਿਆਜ਼ ਦਰ 9 ਫੀਸਦੀ ਤੱਕ ਸੀਮਤ ਹੈ।
ਕੈਬਿਨਟ ਮੰਤਰੀ ਨੇ ਦੱਸਿਆ ਕਿ ਪੰਜਾਬ ਬਾਗਬਾਨੀ ਵਿਭਾਗ ਜੋ ਕਿ ਏ.ਆਈ.ਐਫ ਸਕੀਮ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਹੈ, ਉਨ੍ਹਾਂ ਵੱਲੋਂ ਇੱਕ ਵਟਸਐੱਪ ਹੈਲਪਲਾਈਨ ਨੰਬਰ 9056092906 ਸਥਾਪਿਤ ਕੀਤਾ ਹੈ, ਇਸ ਰਾਹੀਂ ਕਿਸਾਨ ਯੋਜਨਾ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਹ ‘ਬੈਸਟ ਪਰਫਾਰਮਿੰਗ ਸਟੇਟ’ ਪੁਰਸਕਾਰ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਅਨਬਾਲਗਨ ਪੀ ਅਤੇ ਉੱਪ ਸਕੱਤਰ ਰਚਨਾ ਕੁਮਾਰ ਵੱਲੋਂ ਡਾਇਰੈਕਟਰ ਬਾਗਬਾਨੀ, ਪੰਜਾਬ, ਅਤੇ ਏ.ਆਈ.ਐਫ ਸਕੀਮ ਦੇ ਸਟੇਟ ਨੋਡਲ ਅਫਸਰ ਸ਼ੈਲੇਂਦਰ ਕੌਰ ਨੇ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਦੂਜਾ ਪੁਰਸਕਾਰ ਰਵਦੀਪ ਕੌਰ, ਟੀਮ ਲੀਡਰ ਅਤੇ ਯੁਵਰਾਜ ਔਲਖ, ਸਲਾਹਕਾਰ, ਸਟੇਟ ਪ੍ਰੋਜੈਕਟ ਨਿਗਰਾਨੀ ਯੂਨਿਟ ਵੱਲੋਂ ਪੁਰਸਕਾਰ ਪ੍ਰਾਪਤ ਕੀਤਾ।
Read More: ਪੰਜਾਬ ਸਰਕਾਰ ਨੇ ਸਾਲ 2025-26 ਦੌਰਾਨ ਬਾਲ ਵਿਆਹਾਂ ਦੇ 64 ਮਾਮਲਿਆਂ ਨੂੰ ਰੋਕਿਆ: ਡਾ. ਬਲਜੀਤ ਕੌਰ




