ਚੰਡੀਗੜ੍ਹ, 19 ਦਸੰਬਰ 2025: ਪੰਜਾਬ ਸਰਕਾਰ ਨੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸਾਲ 2025 ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਮਨਾਉਣ ਲਈ ਨੋਡਲ ਵਿਭਾਗ ਵੱਜੋਂ ਜ਼ਿੰਮੇਵਾਰੀ ਸੌਂਪੀ ਦਿੱਤੀ ਸੀ।
ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਸਾਰੇ ਜ਼ਿਲ੍ਹਿਆਂ ‘ਚ ਕਰਵਾਏ । ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਤੋਂ 29 ਨਵੰਬਰ ਤੱਕ ਡਰੋਨ ਸ਼ੋਅ ਕਰਵਾਏ । 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦੁਨੀਆਂ ਭਰ ਤੋਂ ਸੰਗਤ ਨੇ ਹਾਜ਼ਰੀ ਭਰੀ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਜਿਸ ‘ਚ ਟੈਂਟ ਸਿਟੀ, ਸ਼ਟਲ ਬੱਸ ਸਰਵਿਸ, ਮੀਡੀਆ ਸੈਂਟਰ ਅਤੇ ਧਾਰਮਿਕ-ਸਮਾਜਿਕ ਸਮਾਗਮਾਂ ਦੀ ਸ਼ਲਾਘਾ ਕੀਤੀ।
ਮੰਤਰੀ ਤਰੁਨਪ੍ਰੀਤ ਸੌਂਦ ਨੇ ਦੱਸਿਆ ਕਿ ਗੁਰੂ ਸਾਹਿਬ ਨਾਲ ਸਬੰਧਤ ਸਮਾਗਮਾਂ ਦੀ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ‘ਚ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਹੋਈ ਸੀ। ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਲਾਈਟ ਐਂਡ ਸਾਊਂਡ ਸ਼ੋਅ ਤੋਂ ਇਲਾਵਾ ਹੋਰ ਧਾਰਮਿਕ ਤੇ ਸਿੱਖਿਅਕ ਸਮਾਗਮ ਕਰਵਾਏ। 18 ਨਵੰਬਰ ਨੂੰ ਸ੍ਰੀਨਗਰ (ਜੰਮੂ-ਕਸ਼ਮੀਰ) ‘ਚ ਕੀਰਤਨ ਦਰਬਾਰ ਕਰਵਾਇਆ ਅਤੇ ਅਗਲੇ ਦਿਨ 19 ਨਵੰਬਰ ਨੂੰ ਉਥੋਂ ਨਗਰ ਕੀਰਤਨ ਸਜਾਇਆ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਫ਼ਰੀਦਕੋਟ ਤੇ ਗੁਰਦਾਸਪੁਰ ਤੋਂ ਵੀ ਨਗਰ ਕੀਰਤਨ ਸਜਾਏ। ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ‘ਚ ਸਮਾਪਤ ਹੋਏ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਕਾਇਆ ਕਲਪ ਲਈ ਵੀ ਪੰਜਾਬ ਸਰਕਾਰ ਨੇ ਸਾਲ 2025 ਦੌਰਾਨ ਕਾਰਜ ਆਰੰਭੇ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਇਤਿਹਾਸ ਨੂੰ ਰੂਪਮਾਨ ਕਰਦੀਆਂ 5 ਗੈਲਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ। ਇਸ ਯਾਦਗਾਰ ਦਾ ਕੁੱਲ ਖੇਤਰ 5 ਏਕੜ ਹੈ। ਇਸ ‘ਚੋਂ ਕਵਰਡ ਖੇਤਰ ਤਕਰੀਬਨ 2 ਏਕੜ ਹੈ ਅਤੇ ਕੰਸਟ੍ਰਕਸ਼ਨ ਖੇਤਰ 3200 ਵਰਗ ਫੁੱਟ ਹੈ।
ਇਸ ਯਾਦਗਾਰ ਨੂੰ ਦੋ ਭਾਗਾਂ ‘ਚ ਮੁਕੰਮਲ ਕੀਤਾ ਹੈ। ਪਹਿਲੇ ਭਾਗ ‘ਚ ਇਮਾਰਤ ਦਾ ਨਿਰਮਾਣ ਮੁਕੰਮਲ ਕਰਕੇ ਫਰਵਰੀ 2024 ‘ਚ ਸਮਰਪਿਤ ਕਰ ਦਿੱਤਾ ਸੀ। ਸਤੰਬਰ ਮਹੀਨੇ ਮੁੱਖ ਮੰਤਰੀ ਵੱਲੋਂ ਸੰਗਤ ਨੂੰ ਸਮਰਪਿਤ ਕੀਤੇ ਦੂਜੇ ਭਾਗ ‘ਚ ਇਮਾਰਤ ਦੇ ਦੋਵੇਂ ਵਿੰਗਾਂ ਅੰਦਰ ਗੁਰੂ ਸਾਹਿਬ ਤੇ ਭਾਈ ਜੈਤਾ ਜੀ ਦੇ ਜੀਵਨ ਨੂੰ ਦਰਸਾਉਂਦੀਆਂ ਪੰਜ ਗੈਲਰੀਆਂ ਬਣਾਈਆਂ ਹਨ। ਪਹਿਲੇ ਭਾਗ ‘ਤੇ 17 ਕਰੋੜ ਰੁਪਏ ਦੀ ਲਾਗਤ ਆਈ ਸੀ ਜਦਕਿ ਦੂਜੇ ਭਾਗ ‘ਤੇ 3 ਕਰੋੜ ਰੁਪਏ ਦੀ ਲਾਗਤ ਆਈ ਹੈ। ਵਿਰਾਸਤ-ਏ-ਖਾਲਸਾ ‘ਚ ਵੀ ਨੌਂਵੇ ਪਾਤਸ਼ਾਹ ਨਾਲ ਸਬੰਧਤ ਇੱਕ ਪ੍ਰਦਰਸ਼ਨੀ ਗੈਲਰੀ ਦਾ ਮੁੱਖ ਮੰਤਰੀ ਨੇ 23 ਨਵੰਬਰ ਨੂੰ ਉਦਘਾਟਨ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਸਿੱਖਾਂ ਦੇ ਮਹਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਿੱਟੇ ਰੰਗ ਦੇ ਸੰਗਮਰਮਰ ਨਾਲ ਵਿਰਾਸਤੀ ਮਾਰਗ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਤੇ ਕੁੱਲ 18 ਕਰੋੜ ਰੁਪਏ ਦੀ ਲਾਗਤ ਆਵੇਗੀ। 5 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਕਰੀਬ 10 ਮਹੀਨੇ ‘ਚ ਪੂਰਾ ਕੀਤਾ ਜਾਵੇਗਾ। ਮੰਤਰੀ ਸੌਂਦ ਨੇ ਦੱਸਿਆ ਕਿ ਮੇਨ ਰੋਡ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਕੁੱਲ 580 ਮੀਟਰ ਮਾਰਗ ‘ਤੇ ਚਿੱਟਾ ਸੰਗਮਰਮਰ ਲਾਇਆ ਜਾਵੇਗਾ ਅਤੇ ਕੁੱਲ ਛੇ ਦਾਖਲਾ ਗੇਟ ਬਣਾਏ ਜਾਣਗੇ।
ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਇਸ ਮਹਾਨ ਸਮਾਗਮ ਤੇ ਕਾਰਜਾਂ ਤੋਂ ਇਲਾਵਾ ਸੈਰ-ਸਪਾਟਾ ਵਿਭਾਗ ਨੇ ਸਾਲ 2025 ਦੇ ਸ਼ੁਰੂ ਵਿੱਚ ਹੀ ਖੰਨਾ ‘ਚ ‘ਧੀਆਂ ਦੀ ਲੋਹੜੀ’ ਮਨਾਈ। ਨਵਜੰਮੀਆ ਬੱਚੀਆ ਨੂੰ ਸਮਾਜ ‘ਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ ‘ਚ ਹੋਰ ਸੁਧਾਰ ਲਿਆਉਣ ਲਈ ਧੀਆਂ ਦੀ ਲੋਹੜੀ ਵਰਗੇ ਸਮਾਗਮ ਖਾਸ ਭੂਮਿਕਾ ਅਦਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਇਸ ਸਾਲ ਅਹਿਮ ਪ੍ਰਸ਼ਾਸਨੀ ਫੈਸਲੇ ਲਏ। ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿੱਚ ਦੀਵਾਨ ਟੋਡਰ ਮੱਲ ਦੇ ਇਤਿਹਾਸਕ ਨਿਵਾਸ ਸਥਾਨ ਜਹਾਜ਼ ਹਵੇਲੀ ਦੀ ਮੁੜ ਬਹਾਲੀ ਸ਼ੁਰੂ ਕਰਕੇ ਸਿੱਖ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ।
ਦੀਵਾਨ ਟੋਡਰ ਮੱਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸਸਕਾਰ ਲਈ ਜ਼ਮੀਨ ਖਰੀਦੀ ਸੀ, ਉਨ੍ਹਾਂ ਦੀ ਹਵੇਲੀ ਨੂੰ ਇਸਦੀ ਪੁਰਾਣੀ ਦਿੱਖ ਦੇਣ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ, ਪੰਜਾਬ ਆਪਣੀ ਦੇਖਰੇਖ ਹੇਠ ਕਾਰਜ ਕਰ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਸੱਭਿਆਚਾਰ ਦੀ ਪ੍ਰਫੁੱਲਤਾ ਤੇ ਰਵਾਇਤੀ ਖੇਡਾਂ ਦੀ ਸ਼ਾਨੋ-ਸ਼ੌਕਤ ਲਈ ਫਿਰੋਜ਼ਪੁਰ ਵਿਖੇ ਦੋ ਰੋਜ਼ਾ ਸੂਬਾ ਪੱਧਰੀ ਬਸੰਤ ਮੇਲਾ ਕਰਵਾਇਆ । ਪੰਜਾਬ ਦੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚੋਂ ਇੱਕ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਉਦਘਾਟਨ ਖੁਦ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕੀਤਾ ਸੀ। 13 ਤੋਂ 16 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲਾ ਕਰਵਾਇਆ। ਇਸ ਮੇਲੇ ‘ਚ ਹੈਰੀਟੇਜ ਵਾਕ, ਫੂਡ ਫੈਸਟੀਵਲ, ਸੰਗੀਤਕ ਸ਼ਾਮ, ਏਅਰੋ ਸ਼ੋਅ, ਨੇਚਰ ਵਾਕ, ਫੁੱਲਾਂ ਦੀ ਪ੍ਰਦਰਸ਼ਨੀ ਅਤੇ ਫੈਸ਼ਨ ਵਾਕ ਸਮੇਤ ਵੱਖ-ਵੱਖ ਦਿਲਕਸ਼ ਪ੍ਰੋਗਰਾਮ ਕਰਵਾਏ ਗਏ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸੈਰ ਸਪਾਟੇ ਨੂੰ ਵਿਸ਼ਵ ਪੱਧਰੀ ਬਣਾਉਣ ਅਤੇ ਸੱਭਿਆਚਾਰ ਤੇ ਰਵਾਇਤੀ ਖੇਡਾਂ-ਤਿਉਹਾਰਾਂ ਦੀ ਪ੍ਰਫੁੱਲਤਾ ਲਈ ਸਾਲ 2026 ਦੌਰਾਨ ਹੋਰ ਸ਼ਿੱਦਤ, ਸੁਹਿਰਦਤਾ ਤੇ ਲਗਨ ਨਾਲ ਕਾਰਜ ਕਰੇਗੀ।
Read More: 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਬੁੱਢਾ ਦਲ ਛਾਉਣੀ ਵਿਖੇ ਕਰਵਾਇਆ ਵਿਸ਼ੇਸ਼ ਕਵੀ, ਢਾਡੀ ਤੇ ਕਵੀਸ਼ਰ ਦਰਬਾਰ




