ਹਰਿਆਣਾ, 06 ਦਸੰਬਰ 2025: ਹਰਿਆਣਾ ਸਰਕਾਰ ਮੁਤਾਬਕ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ‘ਚ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਇੱਕ ਮਜ਼ਬੂਤ ਅਤੇ ਵਿਆਪਕ ਪੀਣ ਵਾਲੇ ਪਾਣੀ ਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ। ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ (PHED) ਹਰਿਆਣਾ ‘ਚ 1,870 ਨਹਿਰੀ-ਅਧਾਰਤ ਜਲ ਯੋਜਨਾਵਾਂ, 12,920 ਟਿਊਬਵੈੱਲਾਂ, 9 ਮੀਂਹ ਦੇ ਖੂਹਾਂ ਅਤੇ 4,140 ਬੂਸਟਿੰਗ ਸਟੇਸ਼ਨਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕਰਦਾ ਹੈ।
ਹਰਿਆਣਾ ‘ਚ ਭਾਖੜਾ ਮੇਨ ਲਾਈਨ (BML) ਨਹਿਰ, ਪੱਛਮੀ ਯਮੁਨਾ ਨਹਿਰ ਪ੍ਰਣਾਲੀ, ਅਤੇ ਲਿਫਟ ਸਿੰਚਾਈ ਪ੍ਰਣਾਲੀਆਂ ਸਮੇਤ ਨਹਿਰੀ-ਅਧਾਰਤ ਜਲ ਸਪਲਾਈ ਪ੍ਰਣਾਲੀਆਂ ਹਨ। ਸਿਰਸਾ ਜ਼ਿਲ੍ਹੇ ‘ਚ ਖਾਸ ਕਰਕੇ, ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਭਾਖੜਾ ਮੇਨ ਲਾਈਨ ਨਹਿਰ ‘ਤੇ ਨਿਰਭਰ ਹੈ, ਜੋ ਲਗਭੱਗ ਸਾਲ ਭਰ ਪਾਣੀ ਪ੍ਰਦਾਨ ਕਰਦੀ ਹੈ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਰਸਾ ਲੋਕ ਸਭਾ ਹਲਕੇ ਦੇ ਸ਼ਹਿਰੀ ਖੇਤਰਾਂ ‘ਚ ਕਿਤੇ ਵੀ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਹੈ। ਵਿਭਾਗ 456 ਨਹਿਰੀ-ਅਧਾਰਤ ਜਲ ਯੋਜਨਾਵਾਂ, 886 ਟਿਊਬਵੈੱਲਾਂ ਅਤੇ 297 ਬੂਸਟਿੰਗ ਸਟੇਸ਼ਨਾਂ ਰਾਹੀਂ ਖੇਤਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਦਾ ਹੈ। ਵਰਤਮਾਨ ‘ਚ ਪੇਂਡੂ ਖੇਤਰਾਂ ‘ਚ 55 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ (LPCD) ਦੀ ਦਰ ਨਾਲ ਪੀਣ ਵਾਲਾ ਪਾਣੀ ਪ੍ਰਦਾਨ ਕੀਤਾ ਜਾ ਰਿਹਾ ਹੈ। ਪਿੰਡ ਦਹਮਾਨ ਅਤੇ ਖਾਰਾ ਖੇੜੀ ਨੂੰ ਇਸ ਸਮੇਂ 40 LPCD ਮਿਲਦਾ ਹੈ। ਇਸਨੂੰ 55 LPCD ਤੱਕ ਵਧਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਮਾਰਚ 2026 ਤੱਕ ਪੂਰਾ ਕਰਨ ਦਾ ਟੀਚਾ ਹੈ।
ਸਰਕਾਰੀ ਬੁਲਾਏ ਨੇ ਇਹ ਵੀ ਦੱਸਿਆ ਕਿ ਨਹਿਰੀ ਪ੍ਰਣਾਲੀ ‘ਚ ਪਾਣੀ ਦੀ ਉਪਲਬਧਤਾ ਦੀ ਘਾਟ ਕਾਰਨ ਨਹਿਰੀ ਪਾਣੀ ਦੀ ਸਪਲਾਈ ਕਈ ਵਾਰ ਵਿਘਨ ਪਈ ਹੈ। ਇਸ ਦੇ ਬਾਵਜੂਦ, ਰਾਜ ਸਰਕਾਰ ਹਰ ਨਾਗਰਿਕ ਨੂੰ ਗੁਣਵੱਤਾ ਵਾਲਾ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ, ਰਾਜ ਨੇ 6 ਅਪ੍ਰੈਲ, 2022 ਨੂੰ ਇੱਕ ਮੀਲ ਪੱਥਰ ਪ੍ਰਾਪਤ ਕੀਤਾ, ਜਦੋਂ ਸਰਵੇਖਣ ਕੀਤੇ ਗਏ ਸਾਰੇ 30.41 ਲੱਖ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਗਏ।
Read More: ਲੇਬਰ ਕੋਰਟਾਂ ਦੀ ਸਥਾਪਨਾ ਤੇ ESI ਹਸਪਤਾਲਾਂ ਦੇ ਨਿਰਮਾਣ ਕਾਰਜ਼ਾਂ ‘ਚ ਤੇਜ਼ੀ ਲਿਆਂਦੀ ਜਾਵੇ: CM ਨਾਇਬ ਸੈਣੀ




