ਚੰਡੀਗੜ੍ਹ, 09 ਸਤੰਬਰ 2025: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਵਾਤਾਵਰਣ ਅਨੁਕੂਲ, ਸਾਫ਼ ਜਨਤਕ ਆਵਾਜਾਈ ਪ੍ਰਣਾਲੀ ਦਾ ਵਿਸਤਾਰ ਕਰਨ ਲਈ ਆਧੁਨਿਕ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਕੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਮੋਹਾਲੀ ‘ਚ 447 ਇਲੈਕਟ੍ਰਿਕ ਬੱਸਾਂ ਸ਼ੁਰੂ ਕਰੇਗੀ।
ਕੈਬਨਿਟ ਮੰਤਰੀ ਨੇ ਗੱਲ “ਈ-ਮੋਬਿਲਿਟੀ ਅਤੇ ਸਸਟੇਨੇਬਲ ਪਬਲਿਕ ਟ੍ਰਾਂਸਪੋਰਟੇਸ਼ਨ ‘ਤੇ ਪੰਜਾਬ ਕਨਕਲੇਵ” ਦੌਰਾਨ ਕਿਹਾ ਕਿ ਪੰਜਾਬ ਦੇ ਸ਼ਹਿਰ ਵਿਕਾਸ ਦੇ ਇੰਜਣ ਹਨ ਅਤੇ ਇਨ੍ਹਾਂ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਤਰਜੀਹ ਹੈ। ਡੀਜ਼ਲ ਤੋਂ ਇਲੈਕਟ੍ਰਿਕ ਵਾਹਨਾਂ ਵੱਲ ਤਬਦੀਲੀ ਨਾ ਸਿਰਫ਼ ਪ੍ਰਦੂਸ਼ਣ ਨੂੰ ਘਟਾਏਗੀ ਬਲਕਿ ਡਰਾਈਵਰਾਂ ਦੀ ਆਮਦਨ ‘ਚ ਵੀ ਵਾਧਾ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਹਿਲ ਔਰਤਾਂ ਦੇ ਸਸ਼ਕਤੀਕਰਨ ‘ਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਮਾਰਚ 2024 ਤੋਂ ਅੰਮ੍ਰਿਤਸਰ ‘ਚ 200 ਔਰਤਾਂ ਈ-ਆਟੋ ਫਲੀਟ ‘ਚ ਸ਼ਾਮਲ ਹੋਈਆਂ ਹਨ।
ਵਿਸ਼ਵ ਈਵੀ ਦਿਵਸ ‘ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੀਆਈਆਈ ਦੁਆਰਾ ਕਰਵਾਈ ਕਾਨਫਰੰਸ ਦੌਰਾਨ, ਡਾ. ਰਵਜੋਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ‘ਚ ਇਲੈਕਟ੍ਰਿਕ ਆਟੋ (ਈ-ਆਟੋ) ਨੂੰ ਅਪਣਾਉਣ ਪ੍ਰਤੀ ਬਹੁਤ ਉਤਸ਼ਾਹ ਦੇਖਿਆ ਹੈ। ਕਾਨਫਰੰਸ ਨੇ ਅੰਮ੍ਰਿਤਸਰ ਦੇ ਨੀਤੀ ਨਿਰਮਾਤਾਵਾਂ, ਸ਼ਹਿਰ ਦੇ ਆਗੂਆਂ, ਮਾਹਰਾਂ ਅਤੇ ਈ-ਆਟੋ ਡਰਾਈਵਰਾਂ ਨੂੰ ਸਾਫ਼ ਅਤੇ ਟਿਕਾਊ ਆਵਾਜਾਈ ਪ੍ਰਣਾਲੀਆਂ ‘ਤੇ ਚਰਚਾ ਕਰਨ ਲਈ ਇਕੱਠਾ ਕੀਤਾ।
ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਡਾਇਰੈਕਟਰ ਕੁਲਵੰਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ‘ਚ 1,200 ਡੀਜ਼ਲ ਆਟੋ ਨੂੰ ਇਲੈਕਟ੍ਰਿਕ ਆਟੋ ‘ਚ ਬਦਲਣਾ ਇੱਕ ਪ੍ਰੇਰਨਾਦਾਇਕ ਯਾਤਰਾ ਸੀ, ਜੋ ਕਿ ਠੋਸ ਨੀਤੀ ਅਤੇ ਸਮੂਹਿਕ ਯਤਨਾਂ ਰਾਹੀਂ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਇਸ ਸਫਲਤਾ ਦੇ ਆਧਾਰ ‘ਤੇ, ਅਸੀਂ ਹੁਣ ਇਲੈਕਟ੍ਰਿਕ ਬੱਸਾਂ ਸ਼ੁਰੂ ਕਰ ਰਹੇ ਹਾਂ, ਜੋ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਵਰਗੇ ਵੱਡੇ ਸ਼ਹਿਰਾਂ ‘ਚ ਲਾਂਚ ਕੀਤੀਆਂ ਜਾ ਰਹੀਆਂ ਹਨ।
Read More: CM ਨਿਤੀਸ਼ ਕੁਮਾਰ ਨੇ 80 ਨਵੀਆਂ ਪਿੰਕ ਬੱਸਾਂ ਨੂੰ ਦਿਖਾਈ ਹਰੀ ਝੰਡੀ




