ਨੇਪਾਲ 'ਚ ਪ੍ਰਦਰਸ਼ਨ

ਨੇਪਾਲ ‘ਚ ਵਿਰੋਧ ਪ੍ਰਦਰਸ਼ਨਾਂ ‘ਚ 20 ਜਣਿਆਂ ਦੀ ਮੌ.ਤ, ਭਾਰਤ-ਨੇਪਾਲ ਸਰਹੱਦ ‘ਤੇ ਅਲਰਟ

ਨੇਪਾਲ, 09 ਸਤੰਬਰ 2025: ਨੇਪਾਲ ‘ਚ ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ‘ਤੇ ਪਾਬੰਦੀ ਵਿਰੁੱਧ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨਾਂ ‘ਚ 20 ਜਣੇ ਮਾਰੇ ਗਏ ਅਤੇ 347 ਜ਼ਖਮੀ ਹੋ ਗਏ। ਕਈ ਥਾਵਾਂ ‘ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜੱਪਾਂ ਹੋਈਆਂ। ਕਾਠਮੰਡੂ ‘ਚ ਪ੍ਰਦਰਸ਼ਨਕਾਰੀ ਸੰਸਦ ਭਵਨ ਕੰਪਲੈਕਸ ‘ਚ ਦਾਖਲ ਹੋਏ ਅਤੇ ਭੰਨਤੋੜ ਕੀਤੀ।

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕੱਲ੍ਹ ਤੋਂ ਨੇਪਾਲ ‘ਚ ਵਾਪਰ ਰਹੇ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ‘ਚ ਕਈ ਨੌਜਵਾਨਾਂ ਦੀ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕਰਦੇ ਹਾਂ।

ਇੱਕ ਨਜ਼ਦੀਕੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਸਬੰਧਤ ਧਿਰਾਂ ਸੰਜਮ ਵਰਤਣਗੀਆਂ ਅਤੇ ਸ਼ਾਂਤੀਪੂਰਨ ਤਰੀਕਿਆਂ ਅਤੇ ਗੱਲਬਾਤ ਰਾਹੀਂ ਕਿਸੇ ਵੀ ਮੁੱਦੇ ਨੂੰ ਹੱਲ ਕਰਨਗੀਆਂ। ਅਸੀਂ ਇਹ ਵੀ ਨੋਟ ਕੀਤਾ ਹੈ ਕਿ ਅਧਿਕਾਰੀਆਂ ਨੇ ਕਾਠਮੰਡੂ ਅਤੇ ਨੇਪਾਲ ਦੇ ਕਈ ਹੋਰ ਸ਼ਹਿਰਾਂ ‘ਚ ਕਰਫਿਊ ਲਗਾਇਆ ਹੈ। ਨੇਪਾਲ ‘ਚ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਅਤੇ ਨੇਪਾਲੀ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਕਦਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਭਾਰਤ-ਨੇਪਾਲ ਸਰਹੱਦ ‘ਤੇ ਅਲਰਟ

ਭਾਰਤ ਨੇ ਨੇਪਾਲ ਸਰਹੱਦ ‘ਤੇ ਚੇਤਾਵਨੀ ਜਾਰੀ ਕੀਤੀ ਹੈ। ਸ਼ਸ਼ਤਰ ਸੀਮਾ ਬਲ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਭਾਰਤੀ ਖੇਤਰ ‘ਚ ਅਸ਼ਾਂਤੀ ਫੈਲਣ ਤੋਂ ਰੋਕਣ ਲਈ ਨੇੜਿਓਂ ਨਜ਼ਰ ਰੱਖ ਰਹੀ ਹੈ। ਸਰਹੱਦੀ ਚੌਕੀਆਂ ‘ਤੇ ਯਾਤਰੀਆਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਭਾਰਤ ਅਤੇ ਨੇਪਾਲ ਵਿਚਕਾਰ 1,751 ਕਿਲੋਮੀਟਰ ਲੰਬੀ ਸਰਹੱਦ ਹੈ।

ਕਾਠਮੰਡੂ ਸਮੇਤ ਕਈ ਜ਼ਿਲ੍ਹਿਆਂ ‘ਚ ਕਰਫਿਊ

ਅਧਿਕਾਰੀਆਂ ਨੇ ਮੰਗਲਵਾਰ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਸਮੇਤ ਕਈ ਜ਼ਿਲ੍ਹਿਆਂ ‘ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ। ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਸਵੇਰੇ 8:30 ਵਜੇ ਤੋਂ ਅਗਲੇ ਨੋਟਿਸ ਤੱਕ ਪੂਰੇ ਰਾਜਧਾਨੀ ਸ਼ਹਿਰ ‘ਚ ਕਰਫਿਊ ਦੇ ਹੁਕਮ ਜਾਰੀ ਕੀਤੇ। ਇਸ ਦੌਰਾਨ, ਵਿਦੇਸ਼ ਮੰਤਰਾਲੇ ਨੇ ਕਾਠਮੰਡੂ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤੀਆਂ ਸੰਬੰਧੀ ਇੱਕ ਸਲਾਹ ਜਾਰੀ ਕੀਤੀ ਹੈ। ਇਸ ‘ਚ ਨੇਪਾਲ ‘ਚ ਰਹਿਣ ਵਾਲੇ ਭਾਰਤੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਮੰਗਲਵਾਰ ਨੂੰ ਸਥਿਤੀ ਇੱਕ ਵਾਰ ਫਿਰ ਤਣਾਅਪੂਰਨ ਹੋ ਗਈ ਹੈ। ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ। ਮੰਗਲਵਾਰ ਨੂੰ, ਪ੍ਰਦਰਸ਼ਨਕਾਰੀ ਸ਼ਹਿਰ ਦੇ ਬਾਲਖੂ ਖੇਤਰ ‘ਚ ਨੇਪਾਲੀ ਕਾਂਗਰਸ ਪਾਰਟੀ ਦੇ ਦਫਤਰ ‘ਚ ਵੀ ਦਾਖਲ ਹੋ ਗਏ। ਇਸ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪਾਰਟੀ ਦਫਤਰ ਦੇ ਬਾਹਰ ਇੱਕ ਟ੍ਰੈਫਿਕ ਪੋਸਟ ਨੂੰ ਅੱਗ ਵੀ ਲਗਾ ਦਿੱਤੀ।

15 ਦਿਨਾਂ ਦੇ ਅੰਦਰ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਓਲੀ ਨੇ ਅੱਗੇ ਕਿਹਾ ਕਿ ਇਸ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਸਥਿਤੀ ਜਾਰੀ ਨਹੀਂ ਰਹਿਣ ਦਿੱਤੀ ਜਾਵੇਗੀ… ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅੱਜ ਦੀ ਪੂਰੀ ਘਟਨਾ ਅਤੇ ਨੁਕਸਾਨ, ਇਸਦੀ ਸਥਿਤੀ ਅਤੇ ਕਾਰਨਾਂ ਦੀ ਜਾਂਚ ਅਤੇ ਵਿਸ਼ਲੇਸ਼ਣ ਲਈ ਇੱਕ ਜਾਂਚ ਕਮੇਟੀ ਬਣਾਈ ਜਾਵੇਗੀ। ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸਿਫ਼ਾਰਸ਼ ਕਰਨ ਲਈ 15 ਦਿਨਾਂ ਦੇ ਅੰਦਰ ਇੱਕ ਰਿਪੋਰਟ ਪੇਸ਼ ਕੀਤੀ ਜਾਵੇਗੀ।

Read More: ਇਜ਼ਰਾਈਲ ‘ਚ ਬੱਸ ‘ਤੇ ਅੰਨ੍ਹੇਵਾਹ ਚੱਲੀਆਂ ਗੋ.ਲੀ.ਆਂ, 6 ਜਣਿਆਂ ਦੀ ਮੌ.ਤ

ਵਿਦੇਸ਼

Scroll to Top