Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ

ਵਿਦੇਸ਼, 31 ਜੁਲਾਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਪਾਕਿਸਤਾਨ ਨਾਲ ਤੇਲ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਤਹਿਤ ਪਾਕਿਸਤਾਨ ਦੇ ਤੇਲ ਭੰਡਾਰ ਵਿਕਸਤ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਭਵਿੱਖ ‘ਚ ਭਾਰਤ ਨੂੰ ਤੇਲ ਵੇਚ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ “ਅਸੀਂ ਪਾਕਿਸਤਾਨ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ‘ਚ ਅਮਰੀਕਾ ਅਤੇ ਪਾਕਿਸਤਾਨ ਸਾਂਝੇ ਤੌਰ ‘ਤੇ ਉੱਥੇ ਵਿਸ਼ਾਲ ਤੇਲ ਭੰਡਾਰ ਵਿਕਸਤ ਕਰਨਗੇ। ਇਸ ਸਾਂਝੇਦਾਰੀ ਲਈ ਇੱਕ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ”। ਟਰੰਪ ਨੇ ਕਿਹਾ ਕਿ ਹੋ ਸਕਦਾ ਹੈ ਕਿ ਇੱਕ ਦਿਨ ਉਹ ਭਾਰਤ ਨੂੰ ਵੀ ਤੇਲ ਵੇਚੇ।

trump

ਪਿਛਲੇ ਸਾਲ ਸਤੰਬਰ ‘ਚ ਪਾਕਿਸਤਾਨ ਦੀ ਸਮੁੰਦਰੀ ਸਰਹੱਦ ‘ਚ ਤੇਲ ਅਤੇ ਗੈਸ ਦਾ ਇੱਕ ਵੱਡਾ ਭੰਡਾਰ ਮਿਲਿਆ ਸੀ। ਪਾਕਿਸਤਾਨੀ ਮੀਡੀਆ ਹਾਊਸ ਡਾਨ ਦੇ ਮੁਤਾਬਕ ਇੱਕ ਸਹਿਯੋਗੀ ਦੇਸ਼ ਦੇ ਸਹਿਯੋਗ ਨਾਲ 3 ਸਾਲਾਂ ਲਈ ਇਸ ਖੇਤਰ ‘ਚ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਤੋਂ ਬਾਅਦ, ਤੇਲ ਅਤੇ ਗੈਸ ਭੰਡਾਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ।

ਕੁਝ ਰਿਪੋਰਟਾਂ ਦੇ ਮੁਤਾਬਕ ਇਹ ਭੰਡਾਰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਭੰਡਾਰ ਹੋਵੇਗਾ। ਵਰਤਮਾਨ ‘ਚ ਵੈਨੇਜ਼ੁਏਲਾ ਕੋਲ ਸਭ ਤੋਂ ਵੱਡਾ ਤੇਲ ਭੰਡਾਰ ਹੈ, ਜਿੱਥੇ 34 ਲੱਖ ਬੈਰਲ ਤੇਲ ਹੈ। ਇਸ ਦੇ ਨਾਲ ਹੀ ਅਮਰੀਕਾ ਕੋਲ ਸਭ ਤੋਂ ਸ਼ੁੱਧ ਤੇਲ ਭੰਡਾਰ ਹੈ, ਜਿਸਦੀ ਵਰਤੋਂ ਹੁਣ ਤੱਕ ਨਹੀਂ ਕੀਤੀ।

ਰਿਪੋਰਟ ਦੇ ਮੁਤਾਬਕ ਭੰਡਾਰਾਂ ਨਾਲ ਸਬੰਧਤ ਖੋਜ ਨੂੰ ਪੂਰਾ ਕਰਨ ਲਈ ਲਗਭਗ 42 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਬਾਅਦ, ਇਸਨੂੰ ਸਮੁੰਦਰ ਦੀ ਡੂੰਘਾਈ ਤੋਂ ਕੱਢਣ ‘ਚ 4-5 ਸਾਲ ਲੱਗ ਸਕਦੇ ਹਨ। ਜੇਕਰ ਖੋਜ ਸਫਲ ਹੁੰਦੀ ਹੈ, ਤਾਂ ਤੇਲ ਅਤੇ ਗੈਸ ਕੱਢਣ ਲਈ ਖੂਹ ਲਗਾਉਣ ਅਤੇ ਹੋਰ ਬੁਨਿਆਦੀ ਢਾਂਚਾ ਬਣਾਉਣ ਲਈ ਹੋਰ ਪੈਸੇ ਦੀ ਲੋੜ ਹੋਵੇਗੀ।

Read More: ਇਜ਼ਰਾਈਲ ਵੱਲੋਂ ਨੋਬਲ ਸ਼ਾਂਤੀ ਪੁਰਸਕਾਰ ਲਈ ਡੋਨਾਲਡ ਟਰੰਪ ਦੇ ਨਾਮ ਦੀ ਸਿਫਾਰਸ਼

Scroll to Top