22 ਜੂਨ 2025: ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ (Ludhiana West Assembly by-elections) ਲਈ ਵੋਟਾਂ ਦੀ ਗਿਣਤੀ ਕੱਲ੍ਹ 23 ਜੂਨ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਰੁਝਾਨ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਕੁੱਲ 14 ਦੌਰਾਂ ਵਿੱਚ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕੁੱਲ 5 ਤੋਂ 7 ਟੇਬਲ ਲਗਾਏ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਖਾਲਸਾ ਕਾਲਜ ਫਾਰ ਵੂਮੈਨ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ (gurpreet gogi) ਤੋਂ ਬਾਅਦ, ਹੁਣ ਹਲਕਾ ਪੱਛਮੀ ਨੂੰ ਕੱਲ੍ਹ ਆਪਣਾ ਨਵਾਂ ਵਿਧਾਇਕ ਮਿਲੇਗਾ। ਇਸ ਵਾਰ ਵੋਟਿੰਗ ਦੀ ਗੱਲ ਕਰੀਏ ਤਾਂ 194 ਬੂਥਾਂ ਵਿੱਚੋਂ 123 ਬੂਥ ਅਜਿਹੇ ਹਨ ਜਿੱਥੇ ਔਰਤਾਂ ਦੀ ਵੋਟਿੰਗ 50 ਪ੍ਰਤੀਸ਼ਤ ਤੋਂ ਘੱਟ ਰਹੀ। ਹਲਕਾ ਪੱਛਮੀ ਵਿੱਚ ਸਿਰਫ਼ 8 ਅਜਿਹੇ ਬੂਥ ਹਨ ਜਿੱਥੇ ਔਰਤਾਂ ਨੇ ਮਰਦਾਂ ਨੂੰ ਪਛਾੜ ਦਿੱਤਾ ਹੈ।
ਕੱਲ੍ਹ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਸੀ ਕਿ ਗਿਣਤੀ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ (postal bellet) ਅਤੇ ਈਵੀਐਮ ਦੀ ਗਿਣਤੀ ਚੋਣ ਨਿਗਰਾਨਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ।
ਗਿਣਤੀ ਕੇਂਦਰਾਂ ‘ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਹਰ ਗਤੀਵਿਧੀ ‘ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜੈਨ ਨੇ ਕਿਹਾ ਸੀ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਜਿਵੇਂ ਕਿ ਉਮੀਦਵਾਰ, ਉਨ੍ਹਾਂ ਦੇ ਪ੍ਰਤੀਨਿਧੀ, ਮੀਡੀਆ ਕਰਮਚਾਰੀ ਅਤੇ ਚੋਣ ਕਮਿਸ਼ਨ ਦੁਆਰਾ ਅਧਿਕਾਰਤ ਵਿਅਕਤੀ ਜਿਨ੍ਹਾਂ ਕੋਲ ਵੈਧ ਪਛਾਣ ਪੱਤਰ ਹਨ। ਉਮੀਦ ਹੈ ਕਿ ਸਵੇਰੇ 11 ਵਜੇ ਤੱਕ ਚੋਣ ਨਤੀਜਾ ਸਪੱਸ਼ਟ ਹੋ ਜਾਵੇਗਾ ਅਤੇ ਨਵੇਂ ਵਿਧਾਇਕ ਦਾ ਨਾਮ ਸਾਹਮਣੇ ਆ ਜਾਵੇਗਾ। ਦੱਸ ਦੇਈਏ ਕਿ ਬੀਤੇ ਦਿਨ 19 ਜੂਨ ਨੂੰ ਵੋਟਿੰਗ ਹੋਈ ਸੀ|
Read More: ਤਿੰਨ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਇਸ ਸ਼ਹਿਰ ਨੂੰ ਡਰਾਈ-ਡੇਅ ਕੀਤਾ ਗਿਆ ਘੋਸ਼ਿਤ