ਵਿਦੇਸ਼, 21 ਜੂਨ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨ ਸਰਕਾਰ ਵੱਲੋਂ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸੰਬੰਧੀ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਯੁੱਧ ਦੌਰਾਨ ਟਰੰਪ ਦੀ ਕੂਟਨੀਤਕ ਪਹਿਲਕਦਮੀ ਅਤੇ ਵਿਚੋਲਗੀ ਨੇ ਇੱਕ ਵੱਡੀ ਜੰਗ ਨੂੰ ਟਾਲਣ ‘ਚ ਮੱਦਦ ਕੀਤੀ। ਹਾਲਾਂਕਿ ਭਾਰਤ ਇਸ ਗੱਲ ਨੂੰ ਨਕਾਰ ਚੁੱਕਾ ਹੈ ਕਿ ਜੰਗਬੰਦੀ ‘ਚ ਕਿਸੇ ਤੀਜੇ ਧਿਰ ਦੀ ਵਿਚੋਲਗੀ ਨਹੀਂ ਹੈ |
ਪਾਕਿਸਤਾਨੀ ਸਰਕਾਰ ਨੇ ਆਪਣੇ ਅਧਿਕਾਰਤ ਬਿਆਨ ‘ਚ ਕਿਹਾ ਕਿ ਟਰੰਪ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਨਾਲ ਗੱਲ ਕਰਕੇ ਜੰਗਬੰਦੀ ‘ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਜੰਗ ਦੀ ਸੰਭਾਵਨਾ ਟਲ ਗਈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਟਾਲਣ, ਰੂਸ-ਯੂਕਰੇਨ ਅਤੇ ਈਰਾਨ-ਇਜ਼ਰਾਈਲ ਵਰਗੇ ਵਿਵਾਦਾਂ ਨੂੰ ਹੱਲ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ।
ਟਰੰਪ ਨੇ ਸ਼ੁੱਕਰਵਾਰ ਨੂੰ ‘ਟਰੂਥ ਸੋਸ਼ਲ’ ‘ਤੇ ਪੋਸਟ ਕੀਤਾ ਅਤੇ ਲਿਖਿਆ, “ਮੈਂ ਜੋ ਵੀ ਕਰਾਂ, ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਮੈਂ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮਿਲ ਕੇ, ਕਾਂਗੋ-ਰਵਾਂਡਾ ਯੁੱਧ ਨੂੰ ਰੋਕਣ ਲਈ ਇੱਕ ਸ਼ਾਂਤੀ ਸਮਝੌਤਾ ਕਰਵਾਇਆ ਹੈ। ਇਹ ਇੱਕ ਖੂਨੀ ਟਕਰਾਅ ਸੀ ਜੋ ਦਹਾਕਿਆਂ ਤੋਂ ਚੱਲ ਰਿਹਾ ਸੀ।” ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਵ੍ਹਾਈਟ ਹਾਊਸ’ਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਸੀ। ਨੋਬਲ ਪੁਰਸਕਾਰ 2026 ਲਈ ਅਧਿਕਾਰਤ ਰਜਿਸਟ੍ਰੇਸ਼ਨ ਸਤੰਬਰ ‘ਚ ਸ਼ੁਰੂ ਹੋਵੇਗੀ। ਹਾਲਾਂਕਿ, ਅਜੇ ਆਖਰੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ। 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ਼ 31 ਜਨਵਰੀ ਸੀ।
2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 338 ਨਾਮਜ਼ਦਗੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ‘ਚੋਂ 244 ਵਿਅਕਤੀ ਸਨ ਅਤੇ 94 ਸੰਗਠਨ ਸਨ। 2023 ‘ਚ ਇਸ ਪੁਰਸਕਾਰ ਲਈ 286 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 2016 ‘ਚ ਨਾਮਜ਼ਦਗੀਆਂ ਦੀ ਸਭ ਤੋਂ ਵੱਧ ਗਿਣਤੀ 376 ਸੀ।
Read More: PM ਮੋਦੀ ਨੇ ਡੋਨਾਲਡ ਟਰੰਪ ਨਾਲ ਕੀਤੀ ਗੱਲਬਾਤ, ਕਿਹਾ-“ਜੰਗਬੰਦੀ ‘ਚ ਕਿਸੇ ਦੀ ਵਿਚੋਲਗੀ ਨਹੀਂ”