ਲੰਡਨ, 11 ਜੂਨ 2025: AUS ਬਨਾਮ SA: ਅੱਜ ਲਾਰਡਸ ਦੇ ਮੈਦਾਨ ‘ਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC 2025) ਦਾ ਫਾਈਨਲ 11 ਤੋਂ 15 ਜੂਨ ਤੱਕ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲੰਡਨ ਦੇ ਲਾਰਡਜ਼ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ |
ਦੋਵੇਂ ਟੀਮਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC 2023-25) ਚੱਕਰ ਦੇ ਅੰਕ ਸੂਚੀ ‘ਚ ਸਿਖਰਲੇ-2 ਸਥਾਨ ‘ਤੇ ਰਹੀਆਂ। ਦੋਵੇਂ 2 ਸਾਲਾਂ ਬਾਅਦ ਪਹਿਲੀ ਵਾਰ ਟੈਸਟ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਪਹਿਲਾਂ ਉਹ 2022-23 WTC ਸੀਜ਼ਨ ‘ਚ ਭਿੜੇ ਸਨ।
ਜਿਕਰਯੋਗ ਹੈ ਕਿ ਆਸਟ੍ਰੇਲੀਆ ਡਿਫੈਂਡਿੰਗ ਚੈਂਪੀਅਨ ਹੈ, ਦੂਜੇ ਪਾਸੇ ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਜਿੱਤਣ ਵਾਲੀ ਤੀਜੀ ਟੀਮ ਬਣਨਾ ਚਾਹੇਗਾ। ਭਾਰਤ ਪਹਿਲੇ ਦੋ ਫਾਈਨਲ ‘ਚ ਉਪ ਜੇਤੂ ਰਿਹਾ ਹੈ। 2021 ‘ਚ ਨਿਊਜ਼ੀਲੈਂਡ ਅਤੇ 2023 ‘ਚ ਆਸਟ੍ਰੇਲੀਆ ਚੈਂਪੀਅਨ ਬਣਿਆ ਸੀ।
ਚੋਕਰਸ’ ਦੇ ਟੈਗ ਤੋਂ ਛੁਟਕਾਰਾ ਪਾਉਣਾ ਚਾਹੇਗੀ ਦੱਖਣੀ ਅਫਰੀਕਾ
ਦੱਖਣੀ ਅਫਰੀਕਾ ਦੀ ਟੀਮ ਮਹੱਤਵਪੂਰਨ ਮੈਚਾਂ ‘ਚ ਜਿੱਤ ਦੇ ਨੇੜੇ ਆਉਣ ਤੋਂ ਬਾਅਦ ਖਿਸਕਣ ਲਈ ਜਾਣੀ ਜਾਂਦੀ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ‘ਚੋਕਰਸ’ ਕਿਹਾ ਗਿਆ ਹੈ। ਟੀਮ ਨੇ ਹੁਣ ਤੱਕ ਸਿਰਫ਼ ਇੱਕ ICC ਟੂਰਨਾਮੈਂਟ ਜਿੱਤਿਆ ਹੈ। ਟੀਮ ਨੇ 1998 ‘ਚ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਸੀ। ਇਸ ਦੱਖਣੀ ਅਫ਼ਰੀਕੀ ਟੀਮ ‘ਚ ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਚੰਗਾ ਮਿਸ਼ਰਣ ਹੈ ਅਤੇ ਟੀਮ ਇੱਕ ਨਿਰਪੱਖ ਸਥਾਨ ‘ਤੇ ਖੇਡੇ ਗਏ ਇਸ ਮੈਚ ਨੂੰ ਜਿੱਤ ਕੇ ‘ਚੋਕਰਸ’ ਦੇ ਟੈਗ ਤੋਂ ਛੁਟਕਾਰਾ ਪਾਉਣਾ ਚਾਹੇਗੀ।
ਆਸਟ੍ਰੇਲੀਆ ਦੀ ਸਥਿਤੀ ਮਜਬੂਤ
ਆਸਟ੍ਰੇਲੀਆ ਇਕਲੌਤੀ ਟੀਮ ਹੈ ਜਿਸਨੇ ਸਾਰੀਆਂ ਚਾਰ ਆਈਸੀਸੀ ਟਰਾਫੀਆਂ (ਵਨਡੇ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ, ਟੀ20 ਵਿਸ਼ਵ ਕੱਪ ਅਤੇ ਡਬਲਯੂਟੀਸੀ) ਜਿੱਤੀਆਂ ਹਨ। ਕਿਸੇ ਵੀ ਆਈਸੀਸੀ ਟੂਰਨਾਮੈਂਟ ਦੇ ਫਾਈਨਲ ‘ਚ ਉਨ੍ਹਾਂ ਨੂੰ ਹਰਾਉਣਾ ਹੋਰ ਵੀ ਮੁਸ਼ਕਿਲ ਹੈ। ਟੀਮ 13 ਵਾਰ ਆਈਸੀਸੀ ਟੂਰਨਾਮੈਂਟਾਂ ਦੇ ਫਾਈਨਲ ‘ਚ ਪਹੁੰਚੀ ਹੈ ਅਤੇ ਇਨ੍ਹਾਂ ‘ਚੋਂ 10 ਵਾਰ ਖਿਤਾਬ ਜਿੱਤਣ ‘ਚ ਸਫਲ ਰਹੀ ਹੈ।
ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ (AUS ਬਨਾਮ SA) ਵਿਚਾਲੇ ਹੁਣ ਤੱਕ 123 ਸਾਲਾਂ ‘ਚ 101 ਟੈਸਟ ਖੇਡੇ ਗਏ ਹਨ। ਇਸ ‘ਚ ਆਸਟ੍ਰੇਲੀਆ ਨੇ 54 ਜਿੱਤੇ ਹਨ, ਜਦੋਂ ਕਿ ਦੱਖਣੀ ਅਫ਼ਰੀਕਾ ਨੇ 26 ਮੈਚ ਜਿੱਤੇ ਹਨ। 21 ਟੈਸਟ ਵੀ ਡਰਾਅ ਹੋਏ ਹਨ।
Read More: WTC Final: ਕਿੰਨੇ ਵਜੇ ਸ਼ੁਰੂ ਹੋਵੇਗਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ, ਮੈਚ ਕਿਵੇਂ ਅਤੇ ਕਿੱਥੇ ਦੇਖ ਸਕੋਗੇ ?