ਮੀਂਹ ਦਾ ਅਲਰਟ

ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ ਸਮੇਤ ਇਨ੍ਹਾਂ ਸੂਬਿਆ ‘ਚ ਮੀਂਹ ਦਾ ਅਲਰਟ ਜਾਰੀ

ਚੰਡੀਗੜ੍ਹ, 27 ਮਈ 2025: ਕੇਰਲ ‘ਚ ਮਾਨਸੂਨ ਦਸਤਕ ਦੇ ਚੁੱਕਾ ਹੈ ਅਤੇ ਕਈਂ ਦਿਨਾਂ ਤੋਂ ਭਾਰੀ ਮੀਂਹ ਪਿਆ ਹੈ | ਇਸ ਦਰਮਿਆਨ ਮਈ ਦੇ ਮਹੀਨੇ ‘ਚ ਸਭ ਤੋਂ ਵੱਧ ਮੀਂਹ ਦਾ 107 ਸਾਲ ਪੁਰਾਣਾ ਰਿਕਾਰਡ ਵੀ ਟੁੱਟਿਆ ਹਹੈ, ਕਿਉਂਕਿ ਮਾਨਸੂਨ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਨਿਰਧਾਰਤ ਸਮੇਂ ਤੋਂ 16 ਦਿਨ ਪਹਿਲਾਂ ਪਹੁੰਚ ਚੁੱਕਾ ਹੈ।

ਮੁੰਬਈ ‘ਚ ਭਾਰੀ ਮੀਂਹ ਦੇ ਕਾਰਨ ਕੇਂਦਰੀ ਰੇਲਵੇ ਦੀ ਹਾਰਬਰ ਲਾਈਨ ‘ਤੇ ਲੋਕਲ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਕਈ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਹਜ਼ਾਰਾਂ ਲੋਕਾਂ ਨੂੰ ਦਿੱਕਤਾਂ ਆਈਆਂ ਹਨ | ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਵੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ ‘ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਮੁੰਬਈ, ਠਾਣੇ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲ੍ਹਿਆਂ ‘ਚ ਭਾਰੀ ਮੀਂਹ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਸੀ, ਇਸ ਅਲਰਟ ਨੂੰ ਬੀਤੇ ਦਿਨ ਰੈੱਡ ਅਲਰਟ ‘ਚ ਬਦਲ ਦਿੱਤਾ ਗਿਆ ਸੀ।

ਦੂਜੇ ਪਾਸੇ ਦੱਖਣ-ਪੱਛਮੀ ਮਾਨਸੂਨ ਸੋਮਵਾਰ ਨੂੰ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਖੇਤਰ ‘ਚ ਪਹੁੰਚ ਗਿਆ। ਕੁਝ ਦਿਨਾਂ ‘ਚ ਆਂਧਰਾ ਪ੍ਰਦੇਸ਼ ਦੇ ਹੋਰ ਇਲਾਕਿਆਂ ‘ਚ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਮੁਤਾਬਕ ਮੌਨਸੂਨ ਤੇਲੰਗਾਨਾ, ਮਿਜ਼ੋਰਮ ਦੇ ਬਾਕੀ ਹਿੱਸਿਆਂ, ਪੂਰੇ ਤ੍ਰਿਪੁਰਾ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਅਤੇ ਮੇਘਾਲਿਆ ਦੇ ਕੁਝ ਹਿੱਸਿਆਂ ‘ਚ ਸਮੇਂ ਤੋਂ ਪਹਿਲਾਂ ਹੀ ਪਹੁੰਚ ਹੈ। ਇਹ ਅਗਲੇ ਤਿੰਨ ਦਿਨਾਂ ਦੌਰਾਨ ਬਾਕੀ ਮਹਾਰਾਸ਼ਟਰ ਅਤੇ ਪੂਰੇ ਉੱਤਰ-ਪੂਰਬ ਨੂੰ ਕਵਰ ਕਰੇਗਾ।

ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ‘ਚ 27 ਮਈ ਤੋਂ 1 ਜੂਨ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਮੀਂਹ ਅਤੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਗੜੇਮਾਰੀ ਹੋ ਸਕਦੀ ਹੈ।

Read More: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਬਾਅਦ ਮੌਸਮ ਸਬੰਧੀ ਅਲਰਟ ਜਾਰੀ

Scroll to Top