ਨੰਗਲ, 22 ਮਈ 2025: ਆਈ.ਟੀ.ਆਈ. ਨੰਗਲ (ITI Nangal ) ਵਿਖੇ ਬੀਤੇ ਦਿਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਲਗਾਏ ਨੌਕਰੀ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ ਵੱਲੋਂ 516 ਉਮੀਦਵਾਰਾਂ ਨੂੰ ਆਫ਼ਰ ਲੈਟਰ ਪ੍ਰਦਾਨ ਕੀਤੇ ਗਏ ਹਨ |
ਇਸ ਬਾਰੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨੌਕਰੀ ਮੇਲੇ ਲਈ ਕੁੱਲ 1013 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਰੁਜ਼ਗਾਰ ਮੇਲੇ ‘ਚ 26 ਪਬਲਿਕ ਅਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਨੇ ਹਿੱਸਾ ਲਿਆ ਅਤੇ ਇਸ ਸਮੇਂ ਦੌਰਾਨ 516 ਉਮੀਦਵਾਰਾਂ ਨੂੰ ਆਫ਼ਰ ਲੈਟਰ ਪ੍ਰਦਾਨ ਕੀਤੇ ਗਏ |
ਹਰਜੋਤ ਬੈਂਸ ਨੇ ਦੱਸਿਆ ਕਿ ਸਵਰਾਜ ਡਿਵੀਜ਼ਨ ਐਮ ਐਂਡ ਐਨ, ਆਰ. ਐਸ. ਮੈਨਪਾਵਰ, ਬੀ. ਐਸ. ਐਨ. ਐਲ., ਐਸ. ਐਮ.ਐਲ. ਇਸੂਜ਼ੂ ਅਤੇ ਆਈ.ਟੀ.ਐਲ. ਸੋਨਾਲੀਕਾ ਵਰਗੀਆਂ ਮੋਹਰੀ ਕੰਪਨੀਆਂ ਦੁਆਰਾ 224 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ, ਜੋ ਕਿ ਕੁੱਲ ਪਲੇਸਮੈਂਟ ਦਾ ਲਗਭਗ 43.4% ਹੈ।
ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗ ਦੀਆਂ ਜ਼ਰੂਰਤਾਂ ਅਤੇ ਹੁਨਰਮੰਦ ਕਾਰਜਬਲ ਵਿਚਕਾਰ ਪਾੜੇ ਨੂੰ ਪੂਰਾ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਯੋਗ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨੌਕਰੀ ਮੇਲੇ ਦੀ ਸਫਲਤਾ ਸੂਬੇ ਦੇ ਮਜ਼ਬੂਤ ਉਦਯੋਗ-ਅਕਾਦਮਿਕ ਪਲੇਟਫਾਰਮ ਅਤੇ ਵਿਦਿਆਰਥੀਆਂ ਦੀ ਯੋਗਤਾ ਦਾ ਪ੍ਰਮਾਣ ਹੈ।
Read More: ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਲਗਭਗ 55,000 ਸਰਕਾਰੀ ਨੌਕਰੀਆਂ ਦੇ ਕੇ ਪ੍ਰਵਾਸ ਦੇ ਰੁਝਾਨ ਨੂੰ ਪਲਟਿਆ: CM ਭਗਵੰਤ ਮਾਨ