Makhu Railway Over Bridge

ਇਕ ਹਫ਼ਤੇ ‘ਚ ਸ਼ੁਰੂ ਹੋਵੇਗਾ ਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ: ਹਰਭਜਨ ਸਿੰਘ ETO

ਚੰਡੀਗੜ੍ਹ, 21 ਮਾਰਚ 2025: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਵਿਧਾਨ ਸਭਾ ‘ਚ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵਲੋਂ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਮੱਖੂ ਵਿਚ ਲੱਗਦੀ ਹਰੀਕੇ -ਜੀਰਾ-ਬਠਿੰਡਾ ਸੈਕਸ਼ਨ NH-54 ਰੇਲਵੇ ਲਾਈਨਾਂ ‘ਤੇ ਮੱਖੂ ਓਵਰ ਬ੍ਰਿਜ (Makhu Railway Over Bridge) ਬਣਾਉਣ ਦਾ ਕੰਮ ਇੱਕ ਹਫ਼ਤੇ ‘ਚ ਸ਼ੁਰੂ ਹੋ ਜਾਵੇਗਾ।  ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕੰਮ ਲਈ ਲੋੜੀਂਦੀ ਜ਼ਮੀਨ ਪ੍ਰਾਪਤ ਕਰ ਲਈ ਹੈ ਅਤੇ ਉਸਾਰੀ ਦਾ ਕੰਮ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਹੈ ਅਤੇ ਇਸ ਪ੍ਰੋਜੈਕਟ ‘ਤੇ ਕੰਮ ਇੱਕ ਹਫ਼ਤੇ ‘ਚ ਸ਼ੁਰੂ ਹੋ ਜਾਵੇਗਾ।

ਇਸਦੇ ਨਾਲ ਹੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅੰਮ੍ਰਿਤਸਰ-ਦੱਖਣੀ ਹਲਕੇ ਅਧੀਨ ਚਾਟੀਵਿੰਡ ਨਹਿਰ ਤਰਨਤਾਰਨ ਰੋਡ ਫੋਰਥ ਲੈਗ ਦੀ ਉਸਾਰੀ ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਹਾਈਵੇ ਮੰਤਰਾਲੇ ਨੇ 05-01-2025 ਨੂੰ CRIF ਯੋਜਨਾ (2024-25) ਦੇ ਤਹਿਤ ਮਨਜ਼ੂਰੀ ਦਿੱਤੀ ਹੈ ਅਤੇ 10 ਮਾਰਚ 2025 ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕੀਤੀ ਹੈ। ਟੈਂਡਰ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਦੀ ਪ੍ਰਗਤੀ ਮੁਤਾਬਕ ਫੰਡ ਜਾਰੀ ਕੀਤੇ ਜਾਣਗੇ।

ਅੰਮ੍ਰਿਤਸਰ ਕੋਰਟ ਕੰਪਲੈਕਸ ‘ਚ ਵਕੀਲਾਂ ਲਈ ਨਵੇਂ ਚੈਂਬਰਾਂ ਦੀ ਉਸਾਰੀ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਠਾਏ ਇੱਕ ਸਵਾਲ ਦੇ ਜਵਾਬ ‘ਚ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਅੰਮ੍ਰਿਤਸਰ ਅਦਾਲਤੀ ਕੰਪਲੈਕਸ ‘ਚ ਵਕੀਲਾਂ ਲਈ ਨਵੇਂ ਚੈਂਬਰ ਬਣਾਉਣ ਦਾ ਪ੍ਰਸਤਾਵ ਹੈ, ਜਿਸਦੀ ਉਸਾਰੀ ਵਕੀਲ ਆਪਣੇ ਪੱਧਰ ‘ਤੇ ਖੁਦ ਕਰਨਗੇ। ਪੰਜਾਬ ਸਰਕਾਰ ਮਾਲ ਵਿਭਾਗ ਦੇ 11.11.2002 ਦੇ ਨੋਟੀਫਿਕੇਸ਼ਨ ਮੁਤਾਬਕ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਦਾ ਖਰਚਾ ਬਾਰ ਐਸੋਸੀਏਸ਼ਨ ਵੱਲੋਂ ਸਹਿਣ ਕੀਤਾ ਜਾਵੇਗਾ। ਇਸ ਸਬੰਧ ‘ਚ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਸ ਮਾਮਲੇ ‘ਤੇ ਮਾਲ ਵਿਭਾਗ ਵੱਲੋਂ ਵਿਚਾਰ ਕੀਤਾ ਜਾਵੇਗਾ।

ਦਸੂਹਾ ਹਲਕੇ ਦੇ ਵਿਧਾਇਕ ਕਰਮਬੀਰ ਸਿੰਘ ਨੇ ਤਲਵਾੜਾ ਤੋਂ ਹੁਸ਼ਿਆਪੁਰ ਤੱਕ ਕੰਡੀ ਨਹਿਰ ਦੇ ਨਵੀਨੀਕਰਨ ਦੌਰਾਨ ਨਹਿਰ ਦੇ ਨਾਲ ਲੱਗਦੀ ਸੜਕ ਦੇ ਪੈਰਾਪੇਟ/ਰੇਲਿੰਗ ਅਤੇ ਸੜਕ ਦੇ ਕਿਨਾਰਿਆਂ ਨੂੰ ਹੋਏ ਨੁਕਸਾਨ ਸੰਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ, ਪਿੰਡ ਸਹੌੜਾ ਕੰਡੀ ਤੋਂ ਪੰਡੋਰੀ ਅਟਵਾਲ (ਨੰਗਲ ਘੋੜੇਵਾਹਾ) ਤੱਕ 23.65 ਕਿਲੋਮੀਟਰ ਲੰਬਾਈ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਅਤੇ ਨਹਿਰ ਵਾਲੇ ਪਾਸੇ ਸੜਕ ਦੇ ਨਾਲ-ਨਾਲ ਕਰੈਸ਼ ਬੈਰੀਅਰ ਲਗਾਉਣ ਦਾ ਕੰਮ 18.234 ਕਿਲੋਮੀਟਰ ਲੰਬਾਈ ‘ਚ ਜਨਵਰੀ 2025 ‘ਚ ਠੇਕੇਦਾਰ ਨੂੰ 1951.22 ਲੱਖ ਰੁਪਏ ਦੀ ਲਾਗਤ ਨਾਲ ਅਲਾਟ ਕੀਤਾ ਗਿਆ ਹੈ।

ਇਸ ਕੰਮ ਲਈ ਜੰਗਲਾਤ ਵਿਭਾਗ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਅਗਸਤ 2024 ਤੋਂ ਚੱਲ ਰਹੀ ਹੈ ਅਤੇ ਪ੍ਰਵਾਨਗੀਆਂ ਪ੍ਰਾਪਤ ਹੋਣ ‘ਤੇ, ਕਰੈਸ਼ ਬੈਰੀਅਰਾਂ ਦੇ ਅਪਗ੍ਰੇਡੇਸ਼ਨ ਅਤੇ ਸਥਾਪਨਾ ਦਾ ਕੰਮ ਨਿਰਧਾਰਤ ਸਮੇਂ ‘ਚ ਪੂਰਾ ਕਰ ਲਿਆ ਜਾਵੇਗਾ।

ਇਸ ਤੋਂ ਇਲਾਵਾ, ਮੁਕੇਰੀਆਂ ਹਾਈਡਲ ਤਲਵਾੜਾ ਤੋਂ ਸਹੋੜਾ ਕੰਡੀ ਤੱਕ 15.00 ਕਿਲੋਮੀਟਰ ਸੜਕ ਅਤੇ ਪੰਡੋਰੀ ਅਟਵਾਲਾ ਤੋਂ ਬਸੀ ਮਰੂਫ ਤੱਕ 22.60 ਕਿਲੋਮੀਟਰ ਸੜਕ ਦੀ ਮੁਰੰਮਤ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ, ਜਿਸ ਨੂੰ ਵਿਸ਼ੇਸ਼ ਮੁਰੰਮਤ ਪ੍ਰੋਗਰਾਮ ਅਧੀਨ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਕੰਮ ਸਾਲ 2025-26 ‘ਚ ਕਰਨ ਦਾ ਪ੍ਰਸਤਾਵ ਹੈ।

Read More: ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਭਾਗ ਨੂੰ ਵਿਕਾਸ ਪ੍ਰੋਜੈਕਟਾਂ ‘ਚ ਪਾਰਦਰਸ਼ਤਾ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼

Scroll to Top