ਨਾਜਾਇਜ਼ ਉਸਾਰੀਆਂ

ਸੁਨਾਮ ਊਧਮ ਸਿੰਘ ਵਾਲਾ ਤੇ ਐਸ.ਬੀ.ਐਸ ਨਗਰ ‘ਚ ਪੁਲਿਸ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

ਚੰਡੀਗੜ੍ਹ/ਸੁਨਾਮ ਊਧਮ ਸਿੰਘ ਵਾਲਾ, 11 ਮਾਰਚ 2025: ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਤਹਿਤ ਅੱਜ ਕਈ ਜ਼ਿਲ੍ਹਿਆਂ ‘ਚ ਨਸ਼ਾ ਤਸਕਰਾਂ ਦੀ ਜਾਇਦਾਦ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ ਗਈਆਂ। ਪੁਲਿਸ ਮੁਤਾਬਕ ਅੱਜ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਵਾਂਸ਼ਹਿਰ ਅਤੇ ਸੁਨਾਮ ਊਧਮ ਸਿੰਘ ਵਾਲਾ ‘ਚ ਨਸ਼ਾ ਤਸਕਰਾਂ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ।

ਪੰਜਾਬ ਪੁਲਿਸ ਮੁਤਾਬਕ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਵਾਂਸ਼ਹਿਰ ਦੇ ਕੱਲਰਾਂ ਮੁਹੱਲੇ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਤਿੰਨ ਪਰਿਵਾਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਐਸਐਸਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਬੀਰੋ, ਸ਼ਿੰਦੋ ਅਤੇ ਸੰਤੋਸ਼ ਨਾਮਕ ਔਰਤਾਂ ਵਿਰੁੱਧ ਕੀਤੀ ਹੈ, ਜਿਨ੍ਹਾਂ ਵਿਰੁੱਧ ਸਮੂਹਿਕ ਤੌਰ ‘ਤੇ ਕਈ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ 14 ਮਾਮਲੇ ਇੱਕ ਹੀ ਪਰਿਵਾਰ ਵਿਰੁੱਧ ਦਰਜ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦਾ ਕੰਮ ਨਗਰ ਕੌਂਸਲ ਦੀ ਬੇਨਤੀ ‘ਤੇ ਕੀਤਾ ਗਿਆ ਸੀ, ਜਿਸ ਨੂੰ ਇਨ੍ਹਾਂ ਉਸਾਰੀਆਂ ਨੂੰ ਹਟਾਉਣ ਲਈ ਪੁਲਿਸ ਦੀ ਸਹਾਇਤਾ ਦੀ ਲੋੜ ਸੀ। ਸਥਾਨਕ ਵਾਸੀ ਇਨ੍ਹਾਂ ਨਸ਼ਾ ਤਸਕਰਾਂ ਤੋਂ ਬਹੁਤ ਪ੍ਰੇਸ਼ਾਨ ਸਨ ਅਤੇ ਹੁਣ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕਰ ਰਹੇ ਹਨ।

ਇਸੇ ਤਰ੍ਹਾਂ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਨਿਗਰਾਨੀ ਹੇਠ ਸੁਨਾਮ ਊਧਮ ਸਿੰਘ ਵਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਨੇ ਅਨਾਜ ਮੰਡੀ ਦੇ ਮੁੱਖ ਗੇਟ ਨੇੜੇ ਨਸ਼ਾ ਤਸਕਰ ਬੁੱਧ ਸਿੰਘ ਉਰਫ਼ ਬੁੱਧੂ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ। ਇਸ ਵਿਅਕਤੀ ਨੇ ਮਾਰਕੀਟ ਕਮੇਟੀ ਸੁਨਾਮ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਅਤੇ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਲਈ ਇੱਕ ਘਰ ਅਤੇ ਦੁਕਾਨ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸਦੇ ਖਿਲਾਫ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕਈ ਮਾਮਲੇ ਦਰਜ ਹਨ।

ਦੋਵਾਂ ਐਸਐਸਪੀਜ਼ ਨੇ ਆਪਣੇ-ਆਪਣੇ ਖੇਤਰਾਂ ‘ਚ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹ ਖੁਦ ਨਸ਼ਾ ਤਸਕਰੀ ਛੱਡ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ;ਚ ਸ਼ਾਮਲ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੋਵਾਂ ਪੁਲਿਸ ਅਧਿਕਾਰੀਆਂ ਨੇ ਦੁਹਰਾਇਆ ਕਿ ਨਸ਼ਾ ਤਸਕਰੀ ਦੇ ਨੈੱਟਵਰਕਾਂ ਅਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਰਕਾਰ ਦੇ ਸੰਕਲਪ ਦੇ ਹਿੱਸੇ ਵਜੋਂ ਜਾਰੀ ਰਹਿਣਗੀਆਂ।

Read More: ਮੰਡੀ ਗੋਬਿੰਦਗੜ੍ਹ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾਂ, ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਕਬਜਾ ਹਟਾਇਆ

Scroll to Top