ਚੰਡੀਗੜ੍ਹ, 10 ਮਾਰਚ 2025: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ (Singer Sunanda Sharma) ਵੱਲੋਂ ਦਾਇਰ ਮਾਮਲੇ ‘ਚ ਕਾਰਵਾਈ ਕਰਦਿਆਂ ਸੰਗੀਤ ਨਿਰਦੇਸ਼ਕ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਨੰਦਾ ਸ਼ਰਮਾ ਸੰਬੰਧੀ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ, ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਕਰਦਿਆਂ ਮਹਿਲਾ ਕਮਿਸ਼ਨ ਨੇ ਐਸ.ਪੀ. ਰੈਂਕ ਦੇ ਇੱਕ ਅਧਿਕਾਰੀ ਨੂੰ ਸੁਨੰਦਾ ਸ਼ਰਮਾ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕਰਨ ਅਤੇ ਇਸ ‘ਤੇ ਢੁਕਵੀਂ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਹਦਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਧਾਲੀਵਾਲ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਜਿਕਰਯੋਗ ਹੈ ਕਿ ਆਪਣੀ ਸ਼ਿਕਾਇਤ ‘ਚ ਗਾਇਕਾ ਸੁਨੰਦਾ ਸ਼ਰਮਾ (Singer Sunanda Sharma) ਨੇ ਦੋਸ਼ ਲਗਾਇਆ ਸੀ ਕਿ ਧਾਲੀਵਾਲ ਨੇ ਉਸਦੇ ਗੀਤਾਂ ਤੋਂ ਹੋਣ ਵਾਲੀ 250 ਕਰੋੜ ਰੁਪਏ ਦੀ ਆਮਦਨ ਰੋਕ ਕੇ ਉਸਦਾ ਵਿੱਤੀ ਸ਼ੋਸ਼ਣ ਕੀਤਾ ਹੈ। ਉਸ ਨੇ ਆਮਦਨ ਨੂੰ ਗਲਤ ਤਰੀਕੇ ਨਾਲ ਰੋਕਣ, ਅਪਰਾਧਿਕ ਧਮਕੀ ਦੇਣ ਅਤੇ ਧੋਖਾਧੜੀ ਦੇ ਦੋਸ਼ ਲਗਾਏ ਸਨ। ਮਹਿਲਾ ਕਮਿਸ਼ਨ ਨੇ ਇਸ ਸ਼ਿਕਾਇਤ ‘ਤੇ ਸਖ਼ਤ ਕਾਰਵਾਈ ਕੀਤੀ ਅਤੇ ਪੁਲਿਸ ਨੇ ਧਾਲੀਵਾਲ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਨੂੰ ਨਿਆਂ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਔਰਤਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਲਈ ਹਰ ਜ਼ਰੂਰੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸਾਰੀਆਂ ਦੁਖੀ ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਕਮਿਸ਼ਨ ਤੋਂ ਮੱਦਦ ਲੈਣ ਦੀ ਅਪੀਲ ਕੀਤੀ।
Read More: ਸੁਨੰਦਾ ਸ਼ਰਮਾ ਨੇ ਇੱਕ ਹੋਰ ਪੋਸਟ ਕੀਤੀ ਸਾਂਝੀ, CM ਮਾਨ ਦਾ ਕੀਤਾ ਧੰਨਵਾਦ