ਚੰਡੀਗੜ੍ਹ, 07 ਜਨਵਰੀ 2024: ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ (Sibin C) ਵੱਲੋਂ ਪੰਜਾਬ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਤੋਂ ਬਿਨਾਂ ਅੰਤਿਮ ਪ੍ਰਕਾਸ਼ਨ ਦੀਆਂ ਸੀਡੀਜ਼ ਸੌਂਪੀਆਂ ਗਈਆਂ ਹਨ। ਸਿਬਿਨ ਸੀ ਨੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਦੌਰਾਨ ਦੱਸਿਆ ਕਿ 07 ਜਨਵਰੀ 2025 ਨੂੰ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਣ ਤੱਕ ਪੰਜਾਬ ‘ਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 13 ਲੱਖ 80 ਹਜ਼ਾਰ 565 ਹੈ |
ਇਨ੍ਹਾਂ ਵੋਟਰਾਂ ‘ਚੋਂ ਪੁਰਸ਼ ਵੋਟਰ 1 ਕਰੋੜ 12 ਲੱਖ 31 ਹਜ਼ਾਰ 744, ਬੀਬੀ ਵੋਟਰ 1 ਕਰੋੜ 01 ਲੱਖ 48 ਹਜ਼ਾਰ 76, ਥਰਡ ਜੈਂਡਰ 745, ਪ੍ਰਵਾਸੀ ਭਾਰਤੀ 1611, ਇਸਦੇ ਨਾਲ ਹੀ ਇਨ੍ਹਾਂ ;ਚ ਦਿਵਿਆਂਗ ਵੋਟਰ ਦੀ ਗਿਣਤੀ 1 ਲੱਖ 56 ਹਜ਼ਾਰ 130 ਅਤੇ ਸਰਵਿਸ ਵੋਟਰ 1 ਲੱਖ 1 ਹਜ਼ਾਰ 257 ਹਨ।
ਮੁੱਖ ਚੋਣ ਅਫ਼ਸਰ (Sibin C) ਨੇ ਦੱਸਿਆ ਕਿ ਇਸ ਸਮੇਂ ਪੰਜਾਬ ‘ਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24 ਹਜ਼ਾਰ 446 ਹੈ, ਜਿਨ੍ਹਾਂ ‘ਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 8062 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,384 ਹੈ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਲਈ ਰੈਂਪ, ਪੀਣ ਵਾਲੇ ਪਾਣੀ, ਲਾਈਟਿੰਗ, ਬੈਠਣ ਲਈ ਕੁਰਸੀਆਂ ਅਤੇ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਬੈਠਕ ਦੌਰਾਨ ਮੁੱਖ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਪੋਲਿੰਗ ਸਟੇਸ਼ਨ ‘ਤੇ ਆਪਣੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ ਤਾਂ ਜੋ ਅਗਲੇਰੀ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਜਾਰੀ ਰਹੇ। ਇਸ ਬੈਠਕ ‘ਚ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਧੀਕ ਸੀਈਓ ਹਰੀਸ਼ ਨਈਅਰ, ਜੁਆਇੰਟ ਸੀਈਓ ਸ਼ਕਤੀ ਸਿੰਘ ਬੱਲ, ਚੋਣ ਅਧਿਕਾਰੀ ਅੰਜੂ ਬਾਲਾ ਅਤੇ ਸੀਈਓ ਦਫ਼ਤਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
Read More: ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਮੁੜ ਬੁੱਢੇ ਦਰਿਆ ਦਾ ਦੌਰਾ