ਚੰਡੀਗੜ੍ਹ, 03 ਦਸੰਬਰ 2024: ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC) ਵੱਲੋਂ ਗਿੱਦੜਬਾਹਾ (Giddarbaha) ਦੇ ਪਿੰਡ ਦੌਲਾ ਵਿਖੇ ਆਪਣੇ ਪਹਿਲੇ ਸਬ-ਡਿਪੂ ਸਥਾਪਿਤ ਕੀਤਾ ਜਾਵੇਗਾ | ਇਸ ਦਾ ਉਦੇਸ਼ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਹੋਰ ਬਿਹਤਰ ਬਣਾਉਣ ਹੈ |
ਇਸ ਬਾਰੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਜਨਤਕ ਟਰਾਂਸਪੋਰਟ ਸੇਵਾ ਨੂੰ ਬਿਹਤਰ ਬਣਾਉਣ ਦੀ 3.36 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਜਨਵਰੀ 31, 2025 ਤੱਕ ਪੂਰਾ ਹੋ ਜਾਵੇਗਾ ਅਤੇ ਸ਼ੁਰੂ ਕਰ ਦਿੱਤਾ ਜਾਵੇਗਾ।
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦਾ ਵੀ ਪੁਨਰ ਵਿਕਾਸ ਕੀਤਾ ਹੈ, ਜਿਸ ਕਾਰਨ ਹੁਣ ਚੀਕਾ, ਸਮਾਣਾ, ਨਾਭਾ, ਰਾਜਪੁਰਾ, ਘਨੌਰ ਅਤੇ ਪਿਹੋਵਾ ਸਮੇਤ 30 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਨੇੜਲੇ ਕਸਬਿਆਂ ਲਈ ਬੱਸ ਸੇਵਾ ਉਪਲਬੱਧ ਹੈ |
ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਆਪਣੇ ਬੇੜੇ ਦਾ ਹੋਰ ਵਿਸਤਾਰ ਕਰਨ ਜਾ ਰਿਹਾ ਹੈ ਅਤੇ ਕਿਲੋਮੀਟਰ ਸਕੀਮ ਰਾਹੀਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਜਾ ਰਿਹਾ ਹੈ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ‘ਚ ਕੁੱਲ 85 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ ਅਤੇ 81 ਵਿਅਕਤੀਆਂ ਨੂੰ ਪਹਿਲਾਂ ਹੀ ਲੈਟਰ ਆਫ਼ ਇੰਟੈਂਟ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ (PRTC) ਟਿਕਾਊ ਬੁਨਿਆਦੀ ਢਾਂਚੇ ਵੱਲ ਅਹਿਮ ਕਦਮ ਚੁੱਕ ਰਹੀ ਹੈ। ਪੀ.ਆਰ.ਟੀ.ਸੀ ਦੁਆਰਾ ਇੱਕ ਵੱਡੇ ਸੋਲਰ ਪਲਾਂਟ ਪ੍ਰੋਜੈਕਟ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਸ ਮਹੱਤਵਪੂਰਨ ਸੋਲਰ ਪ੍ਰੋਜੈਕਟ ਤਹਿਤ ਮੁੱਖ ਦਫਤਰ, ਸਾਰੇ ਡਿਪੂਆਂ ਅਤੇ ਬੱਸ ਸਟੈਂਡਾਂ ‘ਤੇ ਸੋਲਰ ਨਾਲ ਲੈਸ ਸੁਵਿਧਾਵਾਂ ਲਗਾਈਆਂ ਜਾਣਗੀਆਂ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 2.87 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਸਤਾਵਿਤ 775 ਕਿਲੋਵਾਟ ਸੋਲਰ ਪ੍ਰੋਜੈਕਟ ਰਾਹੀਂ ਪੀ.ਆਰ.ਟੀ.ਸੀ. ਸਾਲਾਨਾ ਲਗਭਗ 97 ਲੱਖ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਫੰਡਾਂ ਦੀ ਵਾਪਸੀ ਦੀ ਅਨੁਮਾਨਿਤ ਮਿਆਦ ਤਿੰਨ ਸਾਲਾਂ ਤੋਂ ਘੱਟ ਹੋਵੇਗੀ।