ਚੰਡੀਗੜ੍ਹ, 07 ਅਕਤੂਬਰ 2024: ਭਾਰਤ ਨੇ ਐਤਵਾਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ 1-0 ਨਾਲ ਬੜ੍ਹਤ ਬਣਾ ਲਈ ਹੈ। ਗਵਾਲੀਅਰ ਦੇ ਮਾਧਵਰਾਵ ਸਿੰਧੀਆ ਸਟੇਡੀਅਮ ‘ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ 19.5 ਓਵਰਾਂ ‘ਚ 127 ਦੌੜਾਂ ਬਣਾਈਆਂ। ਭਾਰਤ ਨੇ 11.5 ਓਵਰਾਂ ‘ਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਨੇ ਜੇਤੂ ਛੱਕਾ ਲਗਾਇਆ।
ਹਾਰਦਿਕ ਪੰਡਯਾ ਨੇ 16 ਗੇਂਦਾਂ ‘ਤੇ 39 ਦੌੜਾਂ ਦੀ ਨਾਬਾਦ ਪਾਰੀ ਖੇਡੀ। ਹਾਰਦਿਕ ਨੇ ਆਪਣੀ ਪਾਰੀ ‘ਚ ਪੰਜ ਚੌਕੇ ਤੇ ਦੋ ਛੱਕੇ ਲਾਏ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 243.75 ਰਿਹਾ। ਹਾਰਦਿਕ ਨੇ 12ਵੇਂ ਓਵਰ ‘ਚ ਤਸਕੀਨ ਅਹਿਮਦ ਦੀ ਪੰਜਵੀਂ ਗੇਂਦ ‘ਤੇ ਛੱਕਾ ਲਗਾ ਕੇ ਮੈਚ ਨੂੰ ਖਤਮ ਕੀਤਾ। ਇਸ ਛੱਕੇ ਨਾਲ ਹਾਰਦਿਕ ਪੰਡਯਾ ਨੇ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ। ਹਾਰਦਿਕ (Hardik Pandya) ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਵੱਧ ਛੱਕੇ ਲਗਾ ਕੇ ਮੈਚ ਨੂੰ ਖ਼ਤਮ ਕਰਨ ਵਾਲਾ ਭਾਰਤੀ ਖਿਡਾਰੀ ਬਣ ਗਏ ਹਨ।
Read More: Cricket: ਸਨਥ ਜੈਸੂਰੀਆ ਬਣੇ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਮੁੱਖ ਕੋਚ
ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂ ਸੀ। ਵਿਰਾਟ ਨੇ ਚਾਰ ਵਾਰ ਅਜਿਹਾ ਕਾਰਨਾਮਾ ਕੀਤਾ ਹੈ । ਇਸਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਅਤੇ ਰਿਸ਼ਭ ਪੰਤ ਭਾਰਤ ਲਈ ਤਿੰਨ-ਤਿੰਨ ਵਾਰ ਅਜਿਹਾ ਕਾਰਨਾਮਾ ਕਰ ਚੁੱਕੇ ਹਨ। ਜਦਕਿ ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਯੁਵਰਾਜ ਸਿੰਘ, ਦਿਨੇਸ਼ ਕਾਰਤਿਕ, ਵਾਸ਼ਿੰਗਟਨ ਸੁੰਦਰ, ਇਰਫਾਨ ਪਠਾਨ, ਸੂਰਿਆਕੁਮਾਰ ਯਾਦਵ ਅਤੇ ਵੈਂਕਟੇਸ਼ ਅਈਅਰ ਇਕ-ਇਕ ਵਾਰ ਅਜਿਹਾ ਕਰ ਚੁੱਕੇ ਹਨ।
ਇਸ ਮੈਚ ‘ਚ ਭਾਰਤ ਲਈ ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਉਥੇ ਹੀ ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ ਅਤੇ ਮਯੰਕ ਯਾਦਵ ਨੂੰ ਇਕ-ਇਕ ਵਿਕਟ ਮਿਲੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅਗਲਾ ਟੀ-20 9 ਅਕਤੂਬਰ ਨੂੰ ਦਿੱਲੀ ‘ਚ ਖੇਡਿਆ ਜਾਵੇਗਾ।