Chandigarh

Chandigarh: ਪਿਓ ਨਾਲ ਹਸਪਤਾਲ ਜਾ ਰਹੇ 5 ਸਾਲ ਦੇ ਬੱਚੇ ਦੀ ਭਿਆਨਕ ਸੜਕ ਹਾਦਸੇ ‘ਚ ਮੌ.ਤ

ਚੰਡੀਗੜ੍ਹ, 20 ਸਤੰਬਰ 2024: ਚੰਡੀਗੜ੍ਹ (Chandigarh) ਦੇ ਸੈਕਟਰ-24 ‘ਚ ਬੀਤੇ ਦਿਨ ਵਾਪਰੇ ਸੜਕ ਹਾਦਸੇ ‘ਚ ਇੱਕ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ | ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੀ ਪਛਾਣ ਅਰਨਵ ਵਜੋਂ ਹੋਈ ਹੈ | ਇਸ ਭਿਆਨਕ ਸੜਕ ਹਾਦਸੇ ‘ਚ ਉਸ ਦਾ ਪਿਓ ਪੰਕਜ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਕਜ ਆਪਣੇ ਬੇਟੇ ਅਰਨਵ ਨਾਲ ਬਾਈਕ ‘ਤੇ ਸੈਕਟਰ 16 ਦੇ ਹਸਪਤਾਲ ਜਾ ਰਿਹਾ ਸੀ। ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਸੜਕ ‘ਤੇ ਡਿੱਗ ਗਏ।

ਹਾਦਸੇ ਦੌਰਾਨ ਰਾਹਗੀਰਾਂ ਦੀ ਮੱਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸੈਕਟਰ-16 (Chandigarh) ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਨਵ ਨੂੰ ਮ੍ਰਿਤਕ ਐਲਾਨ ਦਿੱਤਾ। ਪੰਕਜ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰਨਵ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਅਤੇ ਉਸ ਦੀ ਇਕ ਛੋਟੀ ਭੈਣ ਹੈ।

ਅਰਨਵ ਸੈਕਟਰ 16 ਦੇ ਇੱਕ ਸਕੂਲ ‘ਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਵਿਗੜ ਰਹੀ ਸੀ, ਜਿਸ ਕਾਰਨ ਉਸ ਦੇ ਪਿਤਾ ਪੰਕਜ ਉਸ ਨੂੰ ਡਾਕਟਰ ਨੂੰ ਮਿਲਣ ਲਈ ਹਸਪਤਾਲ ਲੈ ਕੇ ਜਾ ਰਹੇ ਸਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਅਜਿਹਾ ਦਰਦਨਾਕ ਹਾਦਸਾ ਵਾਪਰ ਜਾਵੇਗਾ।

ਹਾਦਸੇ ਤੋਂ ਬਾਅਦ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਿਸ ਕਾਰ ਨਾਲ ਇਹ ਹਾਦਸਾ ਹੋਇਆ, ਉਸ ਦਾ ਆਰਜ਼ੀ ਨੰਬਰ ਸੀ ਅਤੇ ਉਸ ‘ਚ ਦੋ ਜਣੇ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ, ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਨੂੰ ਜ਼ਬਤ ਕਰ ਲਈ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਰਨਵ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ |

Scroll to Top