c

Ravichandran Ashwin: 147 ਸਾਲਾਂ ਦੇ ਟੈਸਟ ਕ੍ਰਿਕਟ ਇਤਿਹਾਸ ‘ਚ ਅਜਿਹਾ ਕਰਨ ਵਾਲੇ ਅਸ਼ਵਿਨ ਪਹਿਲੇ ਕ੍ਰਿਕਟਰ

ਚੰਡੀਗੜ੍ਹ, 20 ਸਤੰਬਰ 2024: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ | ਭਾਰਤੀ ਟੀਮ ਦੀ ਪਹਿਲੀ ਪਾਰੀ 376 ਦੌੜਾਂ ‘ਤੇ ਸਮਾਪਤ ਹੋ ਗਈ ਹੈ । ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਜੜਿਆ ਹੈ। ਦੂਜੇ ਪਾਸੇ ਭਾਰਤੀ ਗੇਂਦਬਾਜ ਬੰਗਲਾਦੇਸ਼ ਟੀਮ ਦੇ ਭਾਰੀ ਪੈ ਰਹੇ ਹਨ |

ਇਸਦੇ ਨਾਲ ਹੀ ਭਾਰਤ ਦੇ ਸਟਾਰ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਨੇ ਅੱਜ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਜੜਿਆ ਹੈ। ਇਸ ਸੈਂਕੜੇ ਦੀ ਬਦੌਲਤ ਭਾਰਤ ਵੱਡੇ ਸਕੋਰ ਤੱਕ ਪਹੁੰਚਣ ‘ਚ ਸਫਲ ਰਿਹਾ। ਇਕ ਸਮੇਂ 34 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਚੁੱਕੇ ਭਾਰਤ ਨੂੰ ਯਸ਼ਸਵੀ ਜੈਸਵਾਲ ਅਤੇ ਰਿਸ਼ਭ ਪੰਤ ਦੀ ਸਾਂਝੇਦਾਰੀ ਨੇ ਸੰਭਾਲਿਆ ਸੀ।

ਫਿਰ ਅਸ਼ਵਿਨ ਅਤੇ ਜਡੇਜਾ ਦੀ ਰਿਕਾਰਡ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ 300 ਤੋਂ ਪਾਰ ਪਹੁੰਚਾਇਆ। ਆਪਣੇ ਛੇਵੇਂ ਸੈਂਕੜੇ ਨਾਲ ਅਸ਼ਵਿਨ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਇਹ ਉਪਲਬਧੀ ਹਾਸਲ ਕਰਨ ਵਾਲਾ ਰਵੀਚੰਦਰਨ ਅਸ਼ਵਿਨ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ। ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ ‘ਚ ਇਸ ਤੋਂ ਪਹਿਲਾਂ ਕਿਸੇ ਨੇ ਇਹ ਰਿਕਾਰਡ ਨਹੀਂ ਬਣਾਇਆ ਸੀ।

ਛੇ ਸੈਂਕੜਿਆਂ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਹੁਣ ਤੱਕ ਟੈਸਟ ਮੈਚਾਂ ‘ਚ 14 ਅਰਧ ਸੈਂਕੜੇ ਲਗਾਏ ਹਨ। ਭਾਵ ਕੁੱਲ ਮਿਲਾ ਕੇ ਉਨ੍ਹਾਂ ਨੇ 20 ਤੋਂ ਵੱਧ ਅਰਧ ਸੈਂਕੜੇ ਬਣਾਏ ਹਨ। ਇਸ ਤੋਂ ਇਲਾਵਾ ਉਸ ਨੇ 30+ ਪੰਜ ਵਿਕਟਾਂ ਹਾਸਲ ਕੀਤੀਆਂ ਹਨ, ਯਾਨੀ ਕਿ ਉਸ ਨੇ 30 ਤੋਂ ਵੱਧ ਵਾਰ ਇੱਕ ਪਾਰੀ ‘ਚ ਪੰਜ ਵਿਕਟਾਂ ਲਈਆਂ ਹਨ। ਅਸ਼ਵਿਨ ਦੇ ਨਾਂ 36 ਤੋਂ ਜਿਆਦਾ ਵਾਰ ਪਾਰਿ ‘ਚ ਪੰਜ ਵਿਕਟਾਂ ਹਨ। ਉਹ ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ ‘ਚ 20 50+ ਸਕੋਰ ਅਤੇ 30+ ਪੰਜ ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕਟਰ ਹੈ।

ਅਸ਼ਵਿਨ ਨੇ ਇਹ ਕਾਮਯਾਬੀ ਆਪਣੇ ਘਰੇਲੂ ਮੈਦਾਨ ‘ਤੇ ਹਾਸਲ ਕੀਤੀ ਹੈ । ਚੇਨਈ ‘ਚ ਇਹ ਉਸਦਾ ਦੂਜਾ ਸੈਂਕੜਾ ਸੀ। ਇਕ ਸਮੇਂ ਭਾਰਤ ਦਾ ਸਕੋਰ ਛੇ ਵਿਕਟਾਂ ‘ਤੇ 144 ਦੌੜਾਂ ਸੀ। ਇਸ ਤੋਂ ਬਾਅਦ ਜਡੇਜਾ ਅਤੇ ਅਸ਼ਵਿਨ ਨੇ ਬੰਗਲਾਦੇਸ਼ ਦੀ ਗੇਂਦਬਾਜ਼ੀ ਲਾਈਨ ਅੱਪ ਨੂੰ ਤਬਾਹ ਕਰ ਦਿੱਤਾ। ਅਸ਼ਵਿਨ ਨੇ ਆਪਣੇ ਟੈਸਟ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ ਲਗਾਇਆ।

ਜਿਕਰਯੋਗ ਹੈ ਕਿ ਅਸ਼ਵਿਨ (Ravichandran Ashwin) ਨੇ ਅੱਠਵੇਂ ਜਾਂ ਹੇਠਲੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਟੈਸਟ ਮੈਚਾਂ ‘ਚ ਚਾਰ ਸੈਂਕੜੇ ਲਗਾਏ ਹਨ। ਨਿਊਜ਼ੀਲੈਂਡ ਦੇ ਹਰਫ਼ਨਮੌਲਾ ਡੇਨੀਅਲ ਵਿਟੋਰੀ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਏ ਹਨ, ਜਿਨ੍ਹਾਂ ‘ਚ ਅੱਠਵੇਂ ਜਾਂ ਇਸ ਤੋਂ ਹੇਠਲੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਪੰਜ ਸੈਂਕੜੇ ਹਨ।

38 ਸਾਲਾ ਅਸ਼ਵਿਨ ਦਾ ਚੇਪੌਕ ਸਟੇਡੀਅਮ ‘ਚ ਸ਼ਾਨਦਾਰ ਰਿਕਾਰਡ ਹੈ। ਪੰਜ ਟੈਸਟਾਂ ਦੀਆਂ ਸੱਤ ਪਾਰੀਆਂ ‘ਚ ਅਸ਼ਵਿਨ ਨੇ 55 ਤੋਂ ਵੱਧ ਦੀ ਔਸਤ ਨਾਲ 330+ ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ।

ਅਸ਼ਵਿਨ ਨੇ ਚੇਪੌਕ ‘ਚ 23.60 ਦੀ ਔਸਤ ਨਾਲ 30 ਵਿਕਟਾਂ ਵੀ ਲਈਆਂ ਹਨ, ਜਿਸ ‘ਚ 103 ਦੌੜਾਂ ਦੇ ਕੇ ਸੱਤ ਵਿਕਟਾਂ ਉਸ ਦੀ ਸਰਵੋਤਮ ਗੇਂਦਬਾਜ਼ੀ ਹੈ। ਅਸ਼ਵਿਨ ਗਾਰਫੀਲਡ ਸੋਬਰਸ (ਵੈਸਟ ਇੰਡੀਜ਼), ਕਪਿਲ ਦੇਵ (ਭਾਰਤ), ਕ੍ਰਿਸ ਕੇਰਨਜ਼ (ਨਿਊਜ਼ੀਲੈਂਡ), ਅਤੇ ਇਆਨ ਬੋਥਮ (ਇੰਗਲੈਂਡ) ਵਰਗੇ ਚੋਟੀ ਦੇ ਆਲਰਾਊਂਡਰਾਂ ਨਾਲ ਜੁੜ ਗਿਆ ਹੈ। ਜਿਸ ਨੇ ਟੈਸਟ ਕ੍ਰਿਕਟ ‘ਚ ਕਿਸੇ ਇੱਕ ਮੈਦਾਨ ‘ਤੇ ਕਈ ਪੰਜ ਵਿਕਟਾਂ ਅਤੇ ਕਈ ਸੈਂਕੜੇ ਬਣਾਏ ਹਨ।

ਅੱਜ ਯਾਨੀ ਸ਼ੁੱਕਰਵਾਰ ਨੂੰ ਭਾਰਤੀ ਟੀਮ ਨੇ ਛੇ ਵਿਕਟਾਂ ‘ਤੇ 339 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ 37 ਦੌੜਾਂ ਦੇ ਸਕੋਰ ‘ਤੇ ਬਾਕੀ ਦੀਆਂ ਚਾਰ ਵਿਕਟਾਂ ਗੁਆ ਦਿੱਤੀਆਂ। ਭਾਰਤੀ ਟੀਮ ਸ਼ੁੱਕਰਵਾਰ ਨੂੰ ਇਕ ਘੰਟੇ ਤੱਕ ਹੀ ਸੀਮਤ ਰਹੀ। ਭਾਰਤ ਨੂੰ ਦੂਜੇ ਦਿਨ ਪਹਿਲਾ ਝਟਕਾ ਰਵਿੰਦਰ ਜਡੇਜਾ ਦੇ ਰੂਪ ‘ਚ ਲੱਗਾ।

ਜਡੇਜਾ ਨੂੰ ਤਸਕੀਨ ਅਹਿਮਦ ਨੇ ਵਿਕਟਕੀਪਰ ਲਿਟਨ ਦਾਸ ਦੇ ਹੱਥੋਂ ਕੈਚ ਕਰਵਾਇਆ। ਜਡੇਜਾ ਨੇ 86 ਦੌੜਾਂ ਬਣਾਈਆਂ। ਜਡੇਜਾ ਨੇ ਅਸ਼ਵਿਨ ਨਾਲ ਸੱਤਵੀਂ ਵਿਕਟ ਲਈ 199 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਤਸਕੀਨ ਨੇ ਆਕਾਸ਼ ਦੀਪ ਨੂੰ ਆਊਟ ਕੀਤਾ। ਆਕਾਸ਼ ਨੇ 17 ਦੌੜਾਂ ਬਣਾਈਆਂ ਅਤੇ ਅੱਠਵੇਂ ਵਿਕਟ ਲਈ ਅਸ਼ਵਿਨ ਨਾਲ 24 ਦੌੜਾਂ ਦੀ ਸਾਂਝੇਦਾਰੀ ਕੀਤੀ।

ਫਿਰ ਤਸਕੀਨ ਨੇ ਅਸ਼ਵਿਨ ਨੂੰ ਸ਼ਾਂਤੋ ਹੱਥੋਂ ਕੈਚ ਕਰਵਾਇਆ। ਅਸ਼ਵਿਨ ਨੇ 113 ਦੌੜਾਂ ਬਣਾਈਆਂ। ਇਹ ਟੈਸਟ ‘ਚ ਉਨ੍ਹਾਂ ਦਾ ਛੇਵਾਂ ਸੈਂਕੜਾ ਹੈ। ਬੁਮਰਾਹ ਸੱਤ ਦੌੜਾਂ ਬਣਾ ਕੇ ਹਸਨ ਮਹਿਮੂਦ ਦਾ ਸ਼ਿਕਾਰ ਬਣੇ। ਹਸਨ ਨੇ ਵੀਰਵਾਰ ਨੂੰ ਚਾਰ ਵਿਕਟਾਂ ਲਈਆਂ ਸਨ ਅਤੇ ਬੁਮਰਾਹ ਦੀ ਵਿਕਟ ਨਾਲ ਉਸ ਨੇ ਪੰਜ ਵਿਕਟਾਂ ਦਾ ਟੀਚਾ ਪੂਰਾ ਕੀਤਾ।

Scroll to Top