ਚੰਡੀਗੜ੍ਹ, 4 ਸਤੰਬਰ 2024: ਬੀਤੇ ਦਿਨ ਫ਼ਿਰੋਜ਼ਪੁਰ (Ferozepur) ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਬਾਹਰ ਚਿੱਟੇ ਰੰਗ ਦੀ ਕਾਰ ‘ਚ ਸਵਾਰ 5 ਵਿਅਕਤੀਆਂ ‘ਤੇ ਹਮਲਾਵਰਾਂ ਵੱਲੋਂ ਕੀਤੀ ਫਾਇਰਿੰਗ ‘ਚ 2 ਨੌਜਵਾਨਾਂ ਅਤੇ 1 ਲੜਕੀ ਦੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖਮੀ ਹੋ ਗਏ ਹਨ। ਇਸ ਘਟਨਾ ‘ਚ FIR ਦਰਜ ਕੀਤੀ ਗਈ | ਜਾਣਕਾਰੀ ਮੁਤਾਬਕ ਪੁਲਿਸ ਨੇ 8 ਜਣਿਆਂ ਨੂੰ ਮਾਮਲੇ ‘ਚ ਨਾਮਜਦ ਕੀਤਾ ਹੈ ਅਤੇ 3 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਹਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |
ਚਰਨਜੀਤ ਕੌਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਹਮਲਾਵਰਾਂ ਨੇ ਉਨ੍ਹਾਂ ਦੇ ਸਾਹਮਣੇ ਵਾਰਦਾਤ ਨੂੰ ਅੰਜ਼ਾਮ ਦਿੱਤਾ | ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਈਂ ਸਾਰੇ ਇਕੱਠੇ ਹੋ ਗਏ। ਚਰਨਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਮੇਰੇ ਲੜਕੇ ਦਲੀਪ ਸਿੰਘ ਦੀ ਆਸ਼ੀਸ਼ ਚੋਪੜਾ ਅਤੇ ਹੈਪੀ ਮੱਲ ਨਾਲ ਪੁਰਾਣੀ ਰੰਜਿਸ਼ ਸੀ, ਉਹ ਅਕਸਰ ਮੇਰੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ।
ਇਸ ਘਟਨਾ ‘ਚ 2 ਨੌਜਵਾਨਾਂ ਅਤੇ 1 ਲੜਕੀ ਦੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਦਿਲਪ੍ਰੀਤ ਸਿੰਘ ਪੁੱਤਰ ਅਕਾਸ਼ਦੀਪ ਸਿੰਘ, ਜਸਪ੍ਰੀਤ ਕੌਰ ਪੁੱਤਰੀ ਅਕਾਸ਼ਦੀਪ ਸਿੰਘ ਵਾਸੀ ਕੰਬੋਜ ਨਗਰ, ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ, ਜਦਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦਾ ਨਾਮ ਅਨਮੋਲ ਸਿੰਘ ਹੈ। ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਮਹੀਨੇ ਬਾਅਦ ਵਿਆਹ ਹੋਣਾ ਸੀ।